???? ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਵੱਲੋਂ 21 ਅਪ੍ਰੈਲ ਨੂੰ ਡੀ.ਜੀ.ਪੀ. ਦੇ ਪੁਤਲੇ ਫੁੱਕਣ ਦੇ ਐਲਾਨ ਉਤੇ ਹਿੰਦੂ ਸੁਰੱਖਿਆ ਪਰਿਸ਼ਦ ਨੇ ਦਿੱਤੀ ਚੇਤਾਵਨੀ
???? ਪੁਲਿਸ ਪ੍ਰਸ਼ਾਸਨ ਨੇ ਸਿੰਗਲਾ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਹਿੰਦੂ ਜੱਥੇਬੰਦੀਆਂ ਉਸ ਨੂੰ ਰੋਕਣਗੀਆਂ : ਹਿਤੇਸ਼ ਭਾਰਦਵਾਜ
ਪਟਿਆਲਾ, 19 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਨੇਤਾ ਹਰੀਸ਼ ਸਿੰਗਲਾ ਵੱਲੋਂ 21 ਅਪ੍ਰੈਲ ਨੂੰ ਪੰਜਾਬ ਪੁਲਿਸ ਮੁਖੀ (ਡੀ.ਜੀ.ਪੀ.) ਦੇ ਪੁਤਲੇ ਫੁੱਕਣ ਦੇ ਐਲਾਨ ਉਤੇ ਹਿੰਦੂ ਸੰਗਠਨਾਂ ਵਿੱਚ ਮਤਭੇਦ ਉਭੱਰ ਕੇ ਸਾਹਮਣੇ ਆ ਰਹੇ ਹਨ। ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਹਿਤੇਸ਼ ਭਾਰਦਵਾਜ ਦੀ ਅਗਵਾਈ ਵਿੱਚ ਅੱਜ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਇਲੈਕਟ੍ਰੋਨਿਕ ਮੀਡੀਆ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਯਾ ਭਾਰਦਵਾਜ, ਪੰਜਾਬ ਪ੍ਰਧਾਨ ਸ਼ੰਕਰ ਭਾਰਦਵਾਜ, ਹਿੰਦੂ ਟਕਸਾਲੀ ਸ਼ਿਵ ਸੈਨਾ ਦੇ ਕੌਮੀ ਚੇਅਰਮੈਨ ਸੋਨੂੰ ਸਮਾਣਾ, ਭਗਵਾਨ ਦਾਸ ਮਹਿਤਾ, ਫਤੇਹ ਗਿੱਲ ਪ੍ਰਧਾਨ ਬਜਰੰਗ ਦਲ, ਰਾਜੀਵ ਬੱਬਰ ਧਰਮ ਪ੍ਰਚਾਰ ਆਗੂ, ਯੂਵਾ ਪ੍ਰਧਾਨ ਕਰਨ ਗਿੱਲ ਅਤੇ ਹੋਰ ਆਗੂ ਵੀ ਸ਼ਾਮਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰਿਆਂ ਵੱਲੋਂ ਮਿਲ ਕੇ ਫੈਸਲਾ ਕੀਤਾ ਗਿਆ ਹੈ ਕਿ ਹਰੀਸ਼ ਸਿੰਗਲਾ ਵੱਲੋਂ ਡੀ.ਜੀ.ਪੀ. ਦੇ ਪੁਤਲੇ ਫੁਕੱਣ ਦੇ ਐਲਾਨ ਦਾ ਵਿਰੋਧ ਕੀਤਾ ਜਾਵੇ ਅਤੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਜਾਵੇ ਕਿ ਉਹ ਹਰੀਸ਼ ਸਿੰਗਲਾ ਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕਣ, ਨਹੀਂ ਤਾਂ ਹਿੰਦੂ ਸੰਗਠਨ ਇਕੱਠੇ ਹੋ ਕੇ ਉਸਨੂੰ ਰੋਕਣਗੇ। ਇਸ ਸਬੰਧੀ ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਹਰੀਸ਼ ਸਿੰਗਲਾ ਪਿਛਲੇ ਕੁਝ ਸਮੇਂ ਤੋਂ ਭੜਕਾਊ ਬਿਆਨ ਦੇ ਰਹੇ ਹਨ ਜਿਸ ਕਾਰਨ ਪਟਿਆਲਾ ਦੇ ਮਾਤਾ ਕਾਲੀ ਦੇਵੀ ਮੰਦਰ ਵਿੱਚ ਦੋ ਧੜਿਆਂ ਵਿੱਚ ਭਾਰੀ ਹਿੰਸਾ ਤੇ ਟਕਰਾਅ ਦੀ ਸਥਿਤੀ ਬਣ ਗਈ ਸੀ ਅਤੇ ਦੇਸ਼ ਵਿਦੇਸ਼ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋਇਆ, ਇਸ ਘਟਨਾ ਦੀ ਨਿਖੇਧੀ ਹੋਈ ਅਤੇ ਇਸ ਘਟਨਾ ਕਾਰਨ ਹਰੀਸ਼ ਸਿੰਗਲਾ ਨੂੰ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਇੱਕ ਵਾਰੀ ਫੇਰ ਹਰੀਸ਼ ਸਿੰਗਲਾ ਪ੍ਰਸ਼ਾਸਨ ਦੇ ਖਿਲਾਫ਼ ਖੜਾ ਹੋ ਕੇ ਪੰਜਾਬ ਪੁਲਿਸ ਮੁਖੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੁੱਕਣ ਦੇ ਐਲਾਨ ਕਰ ਰਿਹਾ ਹੈ।
ਉਨ੍ਹਾਂ ਨੇ ਪੰਜਾਬ ਪੁਲਿਸ ਮੁਖੀ ਅਤੇ ਪੰਜਾਬ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਅਤੇ ਪੰਜਾਬ ਦਾ ਮਾਹੋਲ ਖ਼ਰਾਬ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਭਜਾ ਕੇ ਪੰਜਾਬ ਵਿਚ ਅਮਨ ਸ਼ਾਂਤੀ ਕਾਇਮ ਕੀਤੀ ਹੈ। ਇਸ ਤੋਂ ਅਲਾਵਾ ਪੰਜਾਬ ਵਿਚ ਲਗਾਤਾਰ ਸਿਰ ਚੁੱਕ ਕੇ ਵੱਧ ਰਹੇ ਗੈਂਗਸਟਰਵਾਦ ਉਤੇ ਵੀ ਸਫਲਤਾ ਨਾਲ ਕਾਬੂ ਪਾਇਆ ਅਤੇ ਸ਼ਾਂਤੀ ਬਹਾਲ ਕੀਤੀ ਹੈ, ਇਸ ਲਈ ਹਿੰਦੂ ਜੱਥੇਬੰਦੀਆਂ ਡੀ.ਜੀ.ਪੀ ਦੇ ਨਾਲ ਹਨ, ਪਰੰਤੂ ਹਰੀਸ਼ ਸਿੰਗਲਾ ਆਪਣੀ ਝੂਠੀ ਰਾਜਨੀਤੀ ਚਮਕਾਉਣ ਲਈ ਪ੍ਰਸ਼ਾਸਨ ਵਿਰੁੱਧ ਬਿਆਨਬਾਜ਼ੀ ਕਰ ਰਿਹਾ ਹੈ। ਹਿਤੇਸ਼ ਭਾਰਦਵਾਜ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਆਗੂਆਂ ਨੇ ਵੀ ਹਰੀਸ਼ ਸਿੰਗਲਾ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੂਹ ਹਿੰਦੂ ਜੱਥੇਬੰਦੀਆਂ ਪੰਜਾਬ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਆਪਣੇ ਨਿਜੀ ਮੁਫ਼ਾਦ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੰਮ ਕਰ ਰਹੇ ਹਰੀਸ਼ ਸਿੰਗਲਾ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਸ਼ਰਾਰਤੀ ਅਨਸਰ ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਸਾਰੀਆਂ ਹਿੰਦੂ ਜੱਥੇਬੰਦੀਆਂ ਸੜਕਾਂ ਉਤੇ ਆ ਕੇ ਇਸਦਾ ਵਿਰੋਧ ਕਰਨਗੀਆਂ। ਹਿਤੇਸ਼ ਭਾਰਦਵਾਜ ਨੇ ਦਾਅਵਾ ਕੀਤਾ ਕਿ ਹਰੀਸ਼ ਸਿੰਗਲਾ ਡੀ.ਜੀ.ਪੀ ਦੇ ਪੁਤਲੇ ਫੁੱਕਣ ਦੀ ਗੱਲ ਕਰਦਾ ਹੈ, ਪਰ ਉਹ ਪੁਤਲਾ ਫੁੱਕਣਾ ਤਾਂ ਦੂਰ ਆਪਣੇ ਘਰੋਂ ਪੁਤਲਾ ਲੈ ਕੇ ਬਾਹਰ ਤੱਕ ਵੀ ਆ ਕੇ ਦਿਖਾ ਦੇਵੇ।
ਉਧਰ ਦੂੱਜੇ ਪਾਸੇ, ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਪ੍ਰਧਾਨ ਹਰੀਸ਼ ਸਿੰਗਲਾ ਦਾ ਕਹਿਣਾ ਹੈ ਕਿ ਪੁੱਤਲੇ ਫੁੱਕਣ ਦਾ ਪ੍ਰੋਗ੍ਰਾਮ ਜ਼ਰੂਰ ਕੀਤਾ ਜਾਵੇਗਾ, ਪੁਲਿਸ ਦੀ ਚਮਚਾਗਿਰੀ ਕਰਨ ਵਾਲਿਆਂ ਵਿਚੋਂ ਜਿਸਦੀ ਹਿੰਮਤ ਹੈ ਰੋਕ ਕੇ ਦਿਖਾਵੇ।
ਕੁੱਲ ਮਿਲਾ ਕੇ, ਕਿਹਾ ਜਾ ਸਕਦਾ ਹੈ ਕਿ ਫਿਲਹਾਲ ਮਾਮਲਾ ਕਾਫੀ ਗਰਮਾ ਗਿਆ ਹੈ ਅਤੇ ਆਉਣ ਵਾਲੀ 21 ਅਪ੍ਰੈਲ ਉਤੇ ਸਭ ਦੀਆਂ ਨਜ਼ਰਾਂ ਹੋਣਗੀਆਂ।
Newsline Express