ਜਦੋਂ ਕੋਈ ਲੇਖਕ ਬੇਬਾਕ, ਨਿਧੜਕ ਤੇ ਨਿਡਰ ਹੋ ਕੇ ਆਪਣੀ ਕਲਮ ਦਾ ਮੂੰਹ ਖੋਲ੍ਹਦਾ ਹੈ ਤਾਂ ਉਸ ਦੀ ਜ਼ਿੰਦਗੀ ਕੰਡਿਆਂ ਦਾ ਤਾਜ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਦੀ ਲੇਖਿਕਾ ਹੈ ਜੈਸੀ ਬਰਾੜ, ਜਿਸ ਦੇ ਵਿਸ਼ੇ, ਉਦੇਸ਼ ਤੇ ਤਜਰਬੇ ਸੱਚਮੁੱਚ ਧੁਰ ਅੰਦਰ ਤਕ ਲਹਿ ਜਾਂਦੇ ਹਨ। ਜੇ ਜੈਸੀ ਦੀਆਂ ਲਿਖਤਾਂ ਦੀ ਗੱਲ ਕਰੀਏ ਤਾਂ ਸ਼ਬਦਾਂ ਦੇ ਅਥਾਹ ਭੰਡਾਰ ‘ਚੋਂ ਖਰੇ ਸ਼ਬਦਾਂ ਦੀ ਚੋਣ ਕਰਨੀ ਉਸ ਦੇ ਹਿੱਸੇ ਆਇਆ। ਅੰਬਰੀਂ ਉਡਾਰੀਆਂ ਲਾਉਂਦੀ ਉਸ ਦੀ ਕਲਮ ਕਿਸੇ ਇਕ ਵਿਧਾ ਦੀ ਗ਼ੁਲਾਮ ਨਹੀਂ। ਵਿਸ਼ਾ ਭਾਵੇਂ ਧਾਰਮਿਕ ਹੋਵੇ, ਕੁੜੀਆਂ ਦਾ ਦਰਦ ਹੋਵੇ ਜਾਂ ਫਿਰ ਸਮਾਜ ਦੀ ਦੁਰਦਸ਼ਾ ਬਾਰੇ, ਜੈਸੀ ਦੀ ਉਸ ‘ਤੇ ਪਕੜ ਏਨੀ ਪ੍ਰੋੜ ਤੇ ਕੁਦਰਤੀ ਹੁੰਦੀ ਹੈ ਕਿ ਹਰ ਚੇਤੰਨ ਪਾਠਕ ਉਸ ਦੀ ਸੂਝ-ਬੂਝ ‘ਤੇ ਰਸ਼ਕ ਕਰਦਾ ਦਿਸਦਾ ਹੈ। ਸਮਾਜਿਕ ਕੁਰੀਤੀਆਂ ਵਾਲਾ ਤਾਂ ਕੋਈ ਵੀ ਵਿਸ਼ਾ ਉਸ ਦੀ ਕਲਮ ਦਾ ਨਿਸ਼ਾਨਾ ਬਣੇ ਬਗ਼ੈਰ ਨਾ ਰਹਿ ਸਕਿਆ।
ਆਪਣੀ ਪਲੇਠੀ ਕਿਤਾਬ ‘ਮੈਂ ਸਾਊ ਕੁੜੀ ਨਹੀਂ ਹਾਂ’ ਵਿਚ ਉਸ ਨੇ ਔਰਤ ਨੂੰ ਵਸਤੂ ਕਹਿਣ ਵਾਲਿਆਂ ਨੇ ਖ਼ੂਬ ਭੰਡਿਆ ਹੈ। ਉਸ ਦੀ ਪਹਿਲੀ ਕਿਤਾਬ ਨੂੰ ਹੀ ਪਾਠਕਾਂ ਨੇ ਖ਼ੂਬ ਸਲਾਹਿਆ। ਪਾਠਕਾਂ ਦੇ ਮਿਲੇ ਪਿਆਰ ਸਦਕਾ ਹੁਣ ਜੈਸੀ ਦੀ ਦੂਸਰੀ ਕਹਾਣੀਆਂ ਦੀ ਕਿਤਾਬ ‘ਘੜੇ ‘ਚ ਦੱਬੀ ਇੱਜ਼ਤ’ 7 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ‘ਚ ਹੋ ਰਹੇ ਸਮਾਗਮ ‘ਚ ਰਿਲੀਜ਼ ਹੋ ਰਹੀ ਹੈ। ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ।