ਮਾਨਸਾ, 3 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਆਸੀ ਧਿਰਾਂ ਦੇ ਲੋਕ ਲਗਾਤਾਰ ਆ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਮੁੱਖ ਮੰਤਰੀ ਆਪਣੇ ਚੌਪਰ ਰਾਹੀਂ ਬਣਾਵਾਲੀ ਥਰਮਲ ‘ਤੇ ਪਚੁੰਚੇ। ਉਥੋਂ 9:55 ‘ਤੇ ਸੜਕ ਰਸਤੇ ਰਾਹੀ ਮੂਸਾ ਪਿੰਡ ਨੂੰ ਰਵਾਨਾ ਹੋਏ।
ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਨੇ ਸਖਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ ਜਿਸ ਤੋਂ ਪਿੰਡ ਵਾਸੀ ਕਾਫੀ ਖਫਾ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਲੋਕਾਂ ਨੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਸਖਤ ਵਿਰੋਧ ਕੀਤਾ ਤੇ ਮੂਸੇਵਾਲਾ ਦੇ ਘਰ ਜਾਣ ਤੋਂ ਰੋਕਿਆ ਗਿਆ।

ਪ੍ਰਸ਼ਾਸਨ ਨੇ ਸੁਰੱਖਿਆ ਦੇ ਲਗਪਗ 20 ਕਿਲੋਮੀਟਰ ਤਕ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਇਸ ਨੂੰ ਲੈ ਕੇ ਪਿੰਡ ਮੂਸਾ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।