????ਮਹਿਲਾਵਾਂ ਦੀ ਸਿਹਤ ਸੁਰੱਖਿਆ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ ; ₹28 ਕਰੋੜ ਨਾਲ ਮੁਫ਼ਤ ਸੈਨਟਰੀ ਪੈਡ ਵੰਡੇ: ਡਾ. ਬਲਜੀਤ ਕੌਰ
????7.37 ਕਰੋੜ ਸੈਨਟਰੀ ਪੈਡ ਵੰਡੇ, 13.65 ਲੱਖ ਮਹਿਲਾਵਾਂ ਨੂੰ ਲਾਭ
????‘ਨਵੀਂ ਦਿਸ਼ਾ’ ਸਕੀਮ ਤਹਿਤ 27,314 ਆਂਗਨਵਾੜੀ ਸੈਂਟਰਾਂ ‘ਤੇ ਹਰ ਮਹੀਨੇ ਮੁਫ਼ਤ ਸਹੂਲਤ
ਚੰਡੀਗੜ੍ਹ, 26 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ, ਸਫ਼ਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਵੱਡਾ ਕਦਮ ਚੁੱਕਦਿਆਂ ਮੁਫ਼ਤ ਸੈਨਟਰੀ ਪੈਡ ਵੰਡਣ ਦੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਾਲੂ ਸਾਲ ਦੌਰਾਨ ਲਗਭਗ ₹28 ਕਰੋੜ ਦੀ ਲਾਗਤ ਨਾਲ 7.37 ਕਰੋੜ ਤੋਂ ਵੱਧ ਸੈਨਟਰੀ ਪੈਡ ਵੰਡੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧਾ ਲਾਭ ਪ੍ਰਾਪਤ ਹੋਇਆ ਹੈ। ਇਹ ਉਪਰਾਲਾ ਖ਼ਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀਆਂ ਮਹਿਲਾਵਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ ਅਤੇ ਮਹਾਵਾਰੀ ਸਫ਼ਾਈ ਬਾਰੇ ਜਾਗਰੂਕਤਾ ਵਧਾ ਰਿਹਾ ਹੈ।
ਮੰਤਰੀ ਨੇ ਹੋਰ ਦੱਸਿਆ ਕਿ ‘ਨਵੀਂ ਦਿਸ਼ਾ’ ਸਕੀਮ ਅਧੀਨ ਸੂਬੇ ਦੇ 27,314 ਆਂਗਨਵਾੜੀ ਸੈਂਟਰਾਂ ਰਾਹੀਂ ਹਰ ਮਹੀਨੇ ਲੋੜਵੰਦ ਮਹਿਲਾਵਾਂ ਨੂੰ 9 ਸੈਨਟਰੀ ਪੈਡ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਇਹ ਸਹੂਲਤ ਨਿਯਮਿਤ ਤੌਰ ‘ਤੇ ਉਪਲਬਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਮਹਿਲਾਵਾਂ ਦੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ, ਸਗੋਂ ਮਹਾਵਾਰੀ ਨਾਲ ਜੁੜੀਆਂ ਸਮਾਜਿਕ ਧਾਰਣਾਵਾਂ ਅਤੇ ਝਿਜਕ ਨੂੰ ਵੀ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਭਵਿੱਖੀ ਯੋਜਨਾਵਾਂ ਬਾਰੇ ਦੱਸਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ₹14.60 ਕਰੋੜ ਦੀ ਲਾਗਤ ਨਾਲ 3.68 ਕਰੋੜ ਤੋਂ ਵੱਧ ਸੈਨਟਰੀ ਪੈਡ ਵੰਡਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ, ਤਾਂ ਜੋ ਹਰ ਮਹਿਲਾ ਨੂੰ ਸਿਹਤਮੰਦ, ਸੁਰੱਖਿਅਤ ਅਤੇ ਸਨਮਾਨਤ ਜੀਵਨ ਪ੍ਰਦਾਨ ਕੀਤਾ ਜਾ ਸਕੇ।
*Newsline Express*
