
???? ਅੱਤਵਾਦ ਤੇ ਗੁੰਡਾਗਰਦੀ ਦੇ ਵਿਰੁੱਧ ਦਲੇਰ ਹੋ ਕੇ ਲੜ ਰਹੀ ਹੈ ਪੰਜਾਬ ਸਰਕਾਰ ਤੇ ਪੁਲਿਸ : ਪਵਨ ਗੁਪਤਾ
???? ਖਾਲਿਸਤਾਨੀ ਆਤੰਕੀ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਡੀ.ਜੀ.ਪੀ. ਪੰਜਾਬ ਦੀ ਅਗਵਾਈ ਵਿੱਚ ਚਲਾਏ ਸਫਲਤਾਪੂਰਵਕ ਆਪਰੇਸ਼ਨ ਦੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਤਾਰੀਫ਼
???? ਨਸ਼ੇ ਦੇ ਕਾਲੇ ਕਾਰੋਬਾਰ ਸਬੰਧੀ ਹੋਰ ਡੁੰਘਾਈ ਨਾਲ ਜਾਂਚ ਕਰਕੇ ਪਤਾ ਲਗਾਇਆ ਜਾਵੇ ਕਿ ਹੋਰ ਕਿੰਨੇ ਕੁ ਅਧਿਕਾਰੀ ਇਸ ਗੰਦੇ ਧੰਦੇ ਵਿੱਚ ਸ਼ਾਮਲ ਹਨ : ਸ਼ਿਵ ਸੈਨਾ ਹਿੰਦੂਸਤਾਨ
???? ਜੇਕਰ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰੇਗੀ ਤਾਂ ਸ਼ਿਵ ਸੈਨਾ ਹਿੰਦੂਸਤਾਨ ਕਿਸੇ ਵੀ ਸਰਕਾਰ ਜਾਂ ਸਰਕਾਰੀ ਏਜੰਸੀ ਦਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟੇਗੀ : ਸ਼ਮਾਕਾਂਤ ਪਾਂਡੇ, ਰਾਜਿੰਦਰਪਾਲ ਸਿੰਘ ਆਨੰਦ
???? ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਕੇ ਨਿਜੀ ਲਾਭ ਲਈ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ : ਸ਼ਿਵ ਸੈਨਾ ਹਿੰਦੂਸਤਾਨ
ਪਟਿਆਲਾ, 20 ਅਪ੍ਰੈਲ – ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਪ੍ਰਸਿੱਧ ਧਾਰਮਿਕ ਤੇ ਸਿਆਸੀ ਪਾਰਟੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਕੀਤੀ ਇੱਕ ਜ਼ਰੂਰੀ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ੳਤੇ ਵਿਚਾਰ ਵਟਾਂਦਰਾ ਕੀਤੀ ਗਿਆ। ਵਿਸ਼ੇਸ਼ ਮੀਟਿੰਗ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਦੀ ਗਵਾਈ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨਨ ਕਰਦੇ ਹੋਏ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਆਈ ਜਾਂਚ ਰਿਪੋਰਟ ਵਿੱਚ ਪੁਲਿਸ ਦੇ ਏ.ਆਈ.ਜੀ. ਰਾਜਜੀਤ ਸਿੰਘ ਦੇ ਸ਼ਾਮਿਲ ਹੋਣ ਤੋਂ ਬਾਅਦ ਉਸ ਵਿਰੁੱਧ ਸਖ਼ਤ ਐਕਸ਼ਨ ਲੈਂਦਿਆ ਰਾਜਜੀਤ ਸਿੰਘ ਨੂੰ ਜਿਸ ਤਰ੍ਹਾਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ, ਮੁੱਖ ਮੰਤਰੀ ਦਾ ਉਕਤ ਫੈਸਲਾ ਸ਼ਲਾਘਾਯੋਗ ਹੈ। ਪਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਦੇ ਦਲੇਰਾਨਾ ਫੈਸਲੇ ਦਾ ਸ਼ਿਵ ਸੈਨਾ ਹਿੰਦੂਸਤਾਨ ਪੁਰਜ਼ੋਰ ਸਵਾਗਤ ਕਰਦੀ ਹੈ, ਕਿਉਂਕਿ ਬੀਤੇ ਸਮੇਂ ਵਿੱਚ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਪਰੰਤੂ ਇਸ ਤਰ੍ਹਾਂ ਦੇ ਫੈਸਲੇ ਕਿਸੇ ਵੀ ਸਰਕਾਰ ਨੇ ਨਹੀਂ ਲਏ, ਜਿਸ ਕਾਰਨ ਨਸ਼ੇ ਦਾ ਕਾਲਾ ਕਾਰੋਬਾਰ ਲਗਾਤਾਰ ਵੱਧਦਾ ਫੁੱਲਦਾ ਰਿਹਾ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੂਸਤਾਨ ਮੰਗ ਕਰਦੀ ਹੈ ਕਿ ਪੰਜਾਰ ਸਰਕਾਰ ਇਸ ਮਾਮਲੇ ਵਿੱਚ ਹੋਰ ਡੁੰਘਾਈ ਨਾਲ ਜਾਂਚ ਕਰੇ ਪਤਾ ਲਗਾਏ ਕਿ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਅਜਿਹੇ ਹੋਰ ਕਿੰਨੇ ਅਧਿਕਾਰੀ ਹਨ ਜੋ ਪਿਛਲੇ ਸਮੇਂ ਵਿੱਚ ਪੰਜਾਬ ਅੰਦਰ ਲਗਾਤਾਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਮਦਦ ਕਰਕੇ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀਆਂ ਨੂੰ ਬਰਬਾਦ ਕਰਨ ਦਾ ਦੇਸ਼ ਵਿਰੋਧੀ ਕੰਮ ਕਰ ਰਹੇ ਹਨ ਤੇ ਕਰਦੇ ਰਹੇ ਹਨ ਅਤੇ ਹੋਰ ਕਿੰਨੇ ਕੁ ਅਜੇ ਵੀ ਇਸ ਗੰਦੇ ਧੰਦੇ ਵਿਚ ਸ਼ਾਮਲ ਹਨ।
ਅੰਮ੍ਰਿਤਪਾਲ ਸਿੰਘ ਸਬੰਧੀ ਗੱਲ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਾਂਝੇ ਦਿਸ਼ਾ ਨਿਰਦੇਸ਼ਾਂ ਉਤੇ ਖਾਲਿਸਤਾਨੀ ਆਤੰਕੀ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਡੀ.ਜੀ.ਪੀ. ਪੰਜਾਬ ਦੀ ਅਗਵਾਈ ਵਿੱਚ ਜਿਸ ਢੰਗ ਨਾਲ ਸਫਲਤਾ ਪੂਰਵਕ ਆਪਰੇਸ਼ਨ ਚਲਾਇਆ, ਉਹ ਵੀ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਡੀ.ਜੀ.ਪੀ ਸ੍ਰੀ ਗੌਰਵ ਯਾਦਵ ਦੀ ਅਗਵਾਈ ਵਿੱਚ ਜਿਸ ਢੰਗ ਨਾਲ ਸੂਬੇ ਵਿੱਚ ਗੁੰਡਾਗਰਦੀ ਤੇ ਅੱਤਵਾਦ ਦੀ ਕਮਰ ਤੋੜੀ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਇਆ ਹੈ, ਉਹ ਵੀ ਪ੍ਰਸ਼ੰਸਾਯੋਗ ਹੈ, ਕਿਉਂਕਿ ਪੰਜਾਬ ਦੀ ਜਨਤਾ ਹੁਣ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਬਰਦਾਸਤ ਨਹੀਂ ਕਰਨਾ ਚਾਹੁੰਦੇ।
ਪਵਨ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੂਸਤਾਨ ਮੰਗ ਕਰਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ।
ਹਿੰਦੂ ਆਗੂ ਹਰੀਸ਼ ਸਿੰਗਲਾ ਵੱਲੋਂ ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਦੇ ਪੁਤਲੇ ਫੁੱਕਣ ਦੇ ਐਲਾਨ ਕਰਨ ਵਾਲੇ ਮਾਮਲੇ ਉਤੇ ਕਿਹਾ ਕਿ ਉਕਤ ਨੇਤਾ ਆਪਣੇ ਨਿਜੀ ਮੁਫ਼ਾਦ ਲਈ ਅਜਿਹੇ ਐਲਾਨ ਕਰ ਰਿਹਾ ਹੈ ਜੋ ਕਿ ਬਿਲਕੁਲ ਸਹੀ ਨਹੀਂ ਹੈ, ਕਿਉਂਕਿ ਨੇਤਾਵਾਂ ਦੀ ਸੁਰੱਖਿਆ ਸਮੇਂ ਸਮੇਂ ਉਤੇ ਵੱਧਦੀ ਘੱਟਦੀ ਰਹਿੰਦੀ ਹੈ, ਅਜਿਹੇ ਕਾਰਨਾਂ ਕਰਕੇ ਸਰਕਾਰਾਂ ਜਾਂ ਅਫ਼ਸਰਾਂ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਨੇ ਬਿਲਕੁਲ ਵੀ ਠੀਕ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਸਲੇ ਹਿੰਦੂ ਸਮਾਜ ਦੇ ਮਸਲੇ ਨਹੀਂ ਹਨ ਸਗੋਂ ਵਿਅਕਤੀਗਤ ਕਾਰਨ ਹੁੰਦੇ ਹਨ। ਨਿਊਜ਼ਲਾਈਨ ਐਕਸਪ੍ਰੈਸ ਬਿਓਰੋ ਨਾਲ ਗੱਲ ਕਰਦਿਆਂ ਪਵਨ ਗੁਪਤਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ, ਜੋਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਹਨ, ਦੀ ਸੁਰੱਖਿਆ ਵਿੱਚ ਵੀ ਕਟੌਤੀ ਕੀਤੀ ਗਈ ਹੈ ਅਤੇ ਮੇਰੀ ਆਪਣੀ ਸੁਰੱਖਿਆ ਵੀ ਕੁਝ ਸਮੇਂ ਲਈ ਘੱਟ ਕਰ ਦਿੱਤੀ ਗਈ ਸੀ, ਪਰੰਤੂ ਇਸਦਾ ਇਹ ਮਤਲਬ ਨਹੀਂ ਕਿ ਸੁਰੱਖਿਆ ਵਧਾਉਣ ਲਈ ਮੈਂ ਖ਼ੁਦ ਜਾਂ ਨਵਜੋਤ ਸਿੰਘ ਸਰਕਾਰ ਦੇ ਸਿੱਧੂ ਪੁਤਲੇ ਫੂਕਦੇ ਫਿਰੀਏ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇਤਾ ਨੂੰ ਆਪਣੀ ਸੁਰੱਖਿਆ ਘੱਟ ਲੱਗ ਰਹੀ ਹੈ ਤਾਂ ਉਹ ਹੋਰ ਕਾਨੂੰਨੀ ਪ੍ਰੀਕ੍ਰਿਆ ਨਾਲ ਆਪਣੀ ਆਵਾਜ਼ ਚੁੱਕ ਸਕਦਾ ਹੈ।
ਪਤੱਰਕਾਰ ਵਾਰਤਾ ਨੂੰ ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਪਾਲ ਸਿੰਘ ਆਨੰਦ, ਰਿਟਾਇਰਡ ਡੀ.ਐਸ.ਪੀ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਡੇ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਨਾਲ ਸਾਂਝੇ ਤੌਰ ਉਤੇ ਕਿਹਾ ਕਿ ਕਿਸੇ ਵੀ ਨੇਤਾ ਨੂੰ ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਨਿਜੀ ਲਾਭ ਲਈ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਦੋਂ ਤੱਕ ਪੰਜਾਬ ਦੇ ਹਿੱਤ ਵਿੱਚ, ਪੰਜਾਬ ਦੀ ਸ਼ਾਂਤੀ ਲਈ ਵਧੀਆ ਕੰਮ ਕਰਦੀ ਰਹੇਗੀ, ਸ਼ਿਵ ਸੈਨਾ ਹਿੰਦੂਸਤਾਨ ਰਾਜਨੀਤਿਕ ਮਤਭੇਦਾਂ ਤੋਂ ਉਪੱਰ ਉੱਠ ਕੇ ਉਨ੍ਹਾਂ ਦਾ ਜ਼ੋਰਦਾਰ ਸਮਰਥਨ ਕਰਦੀ ਰਹੇਗੀ ਅਤੇ ਜਦੋਂ ਕਦੇ ਵੀ ਲੋਕਹਿੱਤ ਵਿਚ ਜ਼ਰੂਰੀ ਹੋਵੇਗਾ ਅਤੇ ਜੇਕਰ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰੇਗੀ, ਉਸੇ ਵੇਲੇ ਪਵਨ ਗੁਪਤਾ ਦੀ ਅਗਵਾਈ ਵਿਚ ਸ਼ਿਵ ਸੈਨਾ ਹਿੰਦੂਸਤਾਨ ਕਿਸੇ ਵੀ ਸਰਕਾਰ ਜਾਂ ਸਰਕਾਰੀ ਏਜੰਸੀ ਦਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟੇਗੀ। Newsline Express