-1 ਤੋਂ 7 ਜੁਲਾਈ ਤੱਕ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਐੱਮ.ਐੱਲ.ਏਜ਼ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ ਮੈਮੋਰੰਡਮ
ਪਟਿਆਲਾ, 30 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਦੇ ਸੱਦੇ ‘ਤੇ 1 ਜੁਲਾਈ ਨੂੰ ਸਮੂਹ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ‘ਤੇ 6ਵੇਂ ਪੇ-ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਕੌਂਸਲ ਦੇ ਸੁਬਾਈ ਚੇਅਰਮੈਨ ਇੰਜ. ਸੁਖਵਿੰਦਰ ਸਿੰਘ ਲਵਲੀ, ਸਕੱਤਰ ਜਨਰਲ ਦਵਿੰਦਰ ਸਿੰਘ ਸੇਖੋਂ ਅਤੇ ਸੁਬਾਈ ਵਿੱਤ ਸਕੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ 22 ਜੂਨ ਨੂੰ ਛੁੱਟੀਆਂ ਲੈ ਕੇ ਪੰਜਾਬ ਦੇ ਡੀ.ਸੀ ਦਫਤਰਾਂ ਦੇ ਸਾਹਮਣੇ ਧਰਨੇ ਦੇ ਕੇ ਮੈਮੋਰੰਡਮ ਭੇਜੇ ਗਏ ਸਨ ਅਤੇ ਮੰਗ ਕੀਤੀ ਗਈ ਸੀ ਕਿ ਪੇ-ਕਮਿਸ਼ਨ ਦੀ ਰਿਪੋਰਟ ਵਿੱਚ ਇੰਜੀਨੀਅਰ ਵਿਰੋਧੀ ਫੈਸਲੇ ਵਾਪਸ ਲਏ ਜਾਣ। ਇਸ ਤੋਂ ਇਲਾਵਾ ਫੀਲਡ ਵਿੱਚ ਜਾਣ ਲਈ ਜੋ 30 ਲੀਟਰ ਪੈਟ੍ਰੋਲ ਦੀ ਸਹੂਲਤ ਦਿੱਤੀ ਗਈ ਸੀ ਉਸ ਨੂੰ ਵੀ ਖੋਹਣ ਦੇ ਮਨਸ਼ੇ ਜ਼ਾਹਿਰ ਹੋ ਰਹੇ ਹਨ। ਇਸ ਲਈ ਇੰਜੀਨੀਅਰ ਕਾਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੁਬਾਈ ਆਗੂਆਂ ਕਰਮਜੀਤ ਸਿੰਘ ਬੀਹਲਾ, ਕਰਮਜੀਤ ਸਿੰਘ ਮਾਨ ਅਤੇ ਗੁਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ 1 ਜੁਲਾਈ ਤੋਂ 7 ਜੁਲਾਈ ਤੱਕ ਪੰਜਾਬ ਦੇ ਸਮੂਹ ਕੈਬਨਿਟ ਮੰਤਰੀਆਂ ਅਤੇ ਐੱਮ.ਐੱਲ.ਏਜ਼ ਰਾਹੀਂ ਪੰਜਾਬ ਸਰਕਾਰ ਨੂੰ ਮੈਮੋਰੰਡਮ ਭੇਜੇ ਜਾਣਗੇ। 8 ਅਤੇ 9 ਜੁਲਾਈ ਨੂੰ ਸਾਂਝੇ ਮੁਲਾਜ਼ਮ ਮੰਚ ਦੇ ਸੱਦੇ ਤੇ ਕੰਮ ਬੰਦ ਕਰਕੇ ਸਾਂਝੀ ਲਹਿਰ ਦਾ ਹਿੱਸਾ ਬਣ ਕੇ ਸੰਘਰਸ਼ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੂਬਾਈ ਆਗੂਆਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਇੰਜੀਨੀਅਰਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਪਦਉਨਤੀ ਕੋਟਾ ਚੰਡੀਗੜ੍ਹ ਪੈਟਰਨ ਤੇ 75% ਕੀਤਾ ਜਾਵੇ। ਸੂਬਾਈ ਆਗੂਆਂ ਨੇ ਸਮੂਹ ਇੰਜੀਨੀਅਰਾਂ ਨੂੰ ਸੱਦਾ ਦਿੱਤਾ ਕਿ ਤਿੰਨੇ ਐਕਸ਼ਨਾਂ ਨੂੰ ਪੂਰੀ ਤਨਦੇਹੀ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋ ਕੇ ਲਾਗੂ ਕੀਤਾ ਜਾਵੇ। ਇਸ ਮੌਕੇ ਕਰਮਜੀਤ ਸਿੰਘ ਖੋਖਰ, ਸੁਖਵਿੰਦਰ ਸਿੰਘ ਭੌਰ, ਅਸ਼ੋਕ ਕੁਮਾਰ ਬਠਿੰਡਾ, ਵਿਨੋਦ ਕੁਮਾਰ ਉੱਪਲ, ਪਵਨਦੀਪ ਸਿੰਘ ਸੇਖੋਂ ਆਦਿ ਹਾਜ਼ਰ ਸਨ।