???? ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ 22 ਨੰਨ੍ਹੇ ਫਰਿਸ਼ਤਿਆਂ ਨੂੰ ਕੀਤਾ ਬਹਾਦਰੀ ਪੁਰਸਕਾਰ ਨਾਲ ਸਨਮਾਨਤ
???? ਜ਼ਰੂਰਤਮੰਦਾਂ ਦੀ ਮਦਦ ਲਈ ਸਾਨੂੰ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ : ਵਿਦਿਆਰਥਣ ਈਸ਼ਾ ਵਰਮਾ
ਪਟਿਆਲਾ, 6 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਘਰਾਂ, ਮੁਹੱਲਿਆਂ, ਸੜਕਾਂ, ਸਿੱਖਿਆ ਸੰਸਥਾਵਾਂ ਅਤੇ ਖੇਡ ਮੈਦਾਨਾਂ ਵਿਖੇ ਕਿਸੇ ਹਾਦਸੇ ਜਾਂ ਦੁਰਘਟਨਾ ਦੇ ਪੀੜਤਾਂ ਦੀ ਫ਼ਸਟਏਡ, ਸੀਪੀਆਰ, ਰੈਸਕਿਊ ਕਰਕੇ ਮਦਦ ਕਾਰਨ ਤੇ ਹਸਪਤਾਲਾਂ ਵਿਖੇ ਪਹੁੰਚਾਉਣ ਵਾਲੇ 22 ਨੰਨ੍ਹੇ ਫ਼ਰਿਸ਼ਤਿਆਂ ਨੂੰ ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵੱਲੋਂ ਫਰਿਸ਼ਤਿਆਂ ਵਜੋਂ ਬਹਾਦਰੀ ਪੁਰਸਕਾਰ ਤੇ ਸਰਟੀਫਿਕੇਟ ਅਤੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਡੀ.ਬੀ.ਜੀ. ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਅਤੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵੱਲੋਂ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਰੈੱਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟਏਡ ਟ੍ਰੇਨਰ ਰਾਹੀਂ 30ਵਾਂ ਲੋਕ ਭਲਾਈ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਕਾਕਾ ਰਾਮ ਵਰਮਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਫੈਕਟਰੀਆਂ, ਪੁਲਿਸ ਤੇ ਫੈਕਟਰੀ ਕਰਮਚਾਰੀਆਂ ਅਤੇ ਐੱਨ.ਐੱਸ.ਐੱਸ. ਵੰਲਟੀਅਰਾਂ, ਐੱਨ.ਸੀ.ਸੀ. ਕੈਡਿਟਸ ਨੂੰ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੰਦੇ ਰਹਿੰਦੇ ਹਨ। ਇਸ ਪ੍ਰੋਜੈਕਟ ਅਧੀਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਅਤੇ ਖੁਦ ਕਾਕਾ ਰਾਮ ਵਰਮਾ ਰਾਹੀਂ ਸਕੂਲਾਂ ਵਿਖੇ ਬੇਨਤੀ ਪੱਤਰ ਭੇਜ ਕੇ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਵਿਦਿਆਰਥੀ, ਕੈਡਿਟ ਜਾਂ ਵਲੰਟੀਅਰ ਨੇ ਕਿਸੇ ਜ਼ਖ਼ਮੀ, ਬੇਹੋਸ਼, ਦਿਲ ਦੇ ਦੌਰੇ ਦੌਰਾਨ, ਗੈਸਾਂ ਲੀਕ ਹੋਣ, ਅੱਗਾਂ ਲੱਗਣ ਸਮੇਂ ਪੀੜਤਾਂ ਦੀ ਜਾਨ ਬਚਾਉਣ ਲਈ ਮਦਦ ਕੀਤੀ ਹੋਵੇ ਤਾਂ ਬੱਚਿਆਂ ਦੇ ਵੇਰਵੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੂੰ ਭੇਜੇ ਜਾਣ। ਡੀਬੀਜੀ ਸੰਸਥਾ ਦੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਭਾਸ਼ਾ ਵਿਭਾਗ ਵਿਖੇ ਮਹੀਨਾਵਾਰੀ ਮੀਟਿੰਗ ਦੌਰਾਨ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਗੁਰਜਾਪ ਸਿੰਘ ਸਾਬਕਾ ਪੁਲਿਸ ਅਫਸਰ, ਡਾ. ਰਿਸ਼ਮਾ ਕੋਹਲੀ, ਦਿੱਲੀ ਪਬਲਿਕ ਸਕੂਲ, ਐਡਵੋਕੇਟ ਰਣਦੀਪ ਸਿੰਘ, ਐੱਨ.ਆਈ.ਐੱਸ. ਦੇ ਸਾਬਕਾ ਡਾਇਰੈਕਟਰ ਸ੍ਰੀ ਜੀ.ਐੱਸ. ਆਨੰਦ ਤੇ ਸਟੇਜ ਸਕੱਤਰ ਪ੍ਰਿਥੀਪਾਲ, ਮਨਜੀਤ ਕੌਰ ਆਜ਼ਾਦ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਵੀ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਮਦਦਗਾਰ ਫਰਿਸ਼ਤੇ ਸਕੀਮ ਤਹਿਤ ਸਨਮਾਨ ਦਿੱਤੇ ਜਾਂਦੇ ਹਨ।
ਇਸ ਮੌਕੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਈਸ਼ਾ ਵਰਮਾ ਨੇ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਭ ਨੂੰ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤੇ ਹਰ ਸੰਭਵ ਸਹਾਇਤਾ ਉਪਲਬਧ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਈਸ਼ਾ ਵਰਮਾ ਦੇ ਨਾਲ ਸਕੂਲ ਅਧਿਆਪਕ ਸ੍ਰੀਮਤੀ ਸਚਨਾ ਸ਼ਰਮਾ ਵੀ ਮੋਜੂਦ ਸਨ।
*Newsline Express*
