ਅੰਮ੍ਰਿਤਸਰ, 23 ਮਈ – ਨਿਊਜ਼ਲਾਈਨ ਐਕਸਪ੍ਰੈਸ – ਬੀਤੀ ਦੇਰ ਰਾਤ ਸ਼ੰਭੂ ਬਾਰਡਰ ਤੋਂ ਪਰਤ ਰਹੇ ਕਿਸਾਨਾਂ ਦੀ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਦਰਜਨਾਂ ਕਿਸਾਨ ਆਗੂ ਗੰਭੀਰ ਜ਼ਖਮੀ ਹੋ ਗਏ। ਦਰਅਸਲ ਬੁੱਧਵਾਰ ਨੂੰ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਸੀ, ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਸਨ। ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਸੋਂਧਾ ਸਿੰਘ ਤੋਂ ਵੀ ਕਿਸਾਨ ਬੱਸਾਂ ‘ਤੇ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸ਼ੰਭੂ ਪੁੱਜੇ ਅਤੇ ਰੈਲੀ ਦੇ ਖਤਮ ਹੋਣ ਤੋਂ ਬਾਅਦ ਦੇਰ ਰਾਤ ਵਾਪਸ ਆਉਂਦੇ ਹੋਏ ਕਿਸਾਨਾਂ ਦੀ ਇੱਕ ਬੱਸ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਕਿਸਾਨ ਨੇਤਾ ਸਰਵਣ ਸਿੰਘ ਨੇ ਜ਼ਖਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਕੁ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਦੇ ਨਾਲ ਹੀ ਜਿਨਾਂ ਕਿਸਾਨਾਂ ਦਾ ਇਸ ਹਾਦਸੇ ਦੌਰਾਨ ਭਾਰੀ ਨੁਕਸਾਨ ਹੋਇਆ ਹੈ। ਉਸਦੇ ਲਈ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਖਰਚੇ ਦੇ ਉੱਤੇ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਹਾਦਸੇ ‘ਚ ਕਰੀਬ 32 ਕਿਸਾਨ ਜ਼ਖਮੀ ਹੋ ਗਏ ਸਨ। ਜ਼ਖਮੀ ਹੋਏ ਕਿਸਾਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ।
previous post