ਨਵੀਂ ਦਿੱਲੀ, 19 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਭਿਆਨਕ ਗਰਮੀ ‘ਚ ਦਿੱਲੀ-ਐਨਸੀਆਰ ਦਮ ਤੋੜਨ ਲੱਗੀ ਹੈ। ਗਰਮੀ ਕਾਰਨ ਹਾਲਾਤ ਅਜਿਹੇ ਹਨ ਕਿ ਕੌਮੀ ਰਾਜਧਾਨੀ ਦੇ ਨਿਗਮਬੋਧ ਘਾਟ ‘ਤੇ ਲਾਸ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਜਿਸ ਵਿਚ ਬਜ਼ੁਰਗਾਂ ਦੀਆਂ ਲਾਸ਼ਾਂ ਦੀ ਗਿਣਤੀ ਜ਼ਿਆਦਾ ਹੈ। ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਕੱਲ੍ਹ ਰਿਕਾਰਡ 95 ਲਾਸ਼ਾਂ ਦਾ ਸਸਕਾਰ ਕੀਤਾ ਗਿਆ ਹੈ। ਘਾਟ ਪ੍ਰਬੰਧਨ ਨਾਲ ਜੁੜੇ ਲੋਕਾਂ ਅਨੁਸਾਰ ਇਹ ਕੋਰੋਨਾ ਮਹਾਮਾਰੀ ਤੋਂ ਬਾਅਦ ਨਵਾਂ ਰਿਕਾਰਡ ਹੈ। ਅੱਜ ਵੀ ਲਾਸ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰੀ ਗੇਟ ਸਥਿਤ ਨਿਗਮਬੋਧ ਘਾਟ ‘ਤੇ ਆਮ ਤੌਰ ‘ਤੇ 40 ਤੋਂ 50 ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ ਜਦਕਿ ਕੋਰੋਨਾ ਦੌਰਾਨ ਇਹ ਗਿਣਤੀ 100 ਤੋਂ ਵੱਧ ਹੋ ਗਈ ਸੀ। ਅਪ੍ਰੈਲ 2021 ‘ਚ ਇਕ ਦਿਨ ਇੱਥੇ 107 ਲਾਸ਼ਾਂ ਆਈਆਂ। ਹੁਣ ਕਹਿਰ ਦੀ ਗਰਮੀ ਵੀ ਇਸੇ ਤਰ੍ਹਾਂ ਤਬਾਹੀ ਮਚਾ ਰਹੀ ਹੈ। ਨਿਗਮਬੋਧ ਘਾਟ ਦੀ ਮੈਨੇਜਰ ਸੁਮਨ ਗੁਪਤਾ ਮੁਤਾਬਕ ਹਾਲ ਦੇ ਦਿਨਾਂ ‘ਚ ਲਾਸ਼ਾਂ ਦੀ ਗਿਣਤੀ ਵਧੀ ਹੈ ਤੇ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੋਈ ਹੈ। ਕੜਾਕੇ ਦੀ ਗਰਮੀ ਦੌਰਾਨ ਦਿੱਲੀ ‘ਚ ਦਿਨ ਦੀ ਗਰਮੀ ਹੀ ਨਹੀਂ ਰਾਤ ਦੀ ਗਰਮੀ ਵੀ ਰਿਕਾਰਡ ਤੋੜ ਰਹੀ ਹੈ। ਇਸ ਸਿਲਸਿਲੇ ‘ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਨੇ ਛੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ।
