???? ਡਿਪਟੀ ਕਮਿਸ਼ਨਰ ਨੇ ਪਟਿਆਲਾ ਆਵਰ ਪ੍ਰਾਇਡ ਦੀ ਗੁਰੂ ਨਾਨਕ ਬਗੀਚੀ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕਰਵਾਈ
???? ਕਿਹਾ, ਪਟਿਆਲਾ ਜ਼ਿਲ੍ਹੇ ਵਿੱਚ 15 ਲੱਖ ਬੂਟੇ ਲਾਉਣ ਦਾ ਟੀਚਾ ਪੂਰਾ ਕਰਨ ਲਈ ਆਮ ਨਾਗਰਿਕ ਕਰਨ ਸਹਿਯੋਗ
???? ਸਾਡੇ ਵੱਲੋਂ ਅੱਜ ਲਗਾਏ ਬੂਟੇ ਤੇ ਇਨ੍ਹਾਂ ਦੀ ਸਾਂਭ ਸੰਭਾਲ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਇੱਕ ਨਾਯਾਬ ਤੋਹਫ਼ਾ ਸਾਬਤ ਹੋਵੇਗਾ-ਸ਼ੌਕਤ ਅਹਿਮਦ ਪਰੇ
ਪਟਿਆਲਾ 15 ਜੁਲਾਈ: ਨਿਊਜ਼ਲਾਈਨ ਐਕਸਪ੍ਰੈਸ – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਐਨ.ਜੀ.ਓ. ਪਟਿਆਲਾ ਆਵਰ ਪ੍ਰਾਇਡ ਵੱਲੋਂ ਸ਼ੀਸ਼ ਮਹਿਲ ਦੇ ਨੇੜੇ ਲਗਾਈ ਗਈ ਗੁਰੂ ਨਾਨਕ ਬਗੀਚੀ ਵਿਖੇ ਬੂਟੇ ਲਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ, ਵਣਪਾਲ ਸਾਊਥ ਸਰਕਲ ਅਜੀਤ ਕੁਲਕਰਨੀ, ਐਚ.ਪੀ.ਐਸ. ਲਾਂਬਾ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਕਰੀਬ 1 ਏਕੜ ਥਾਂ ਵਿੱਚ ਜੰਗਲਾ ਲਾਉਣ ਦੀ ਮਿਆਵਾਕੀ ਤਕਨੀਕ ਦੀ ਵਰਤੋਂ ਕਰਦੇ ਹੋਏ 500 ਤੋਂ ਵੱਧ ਪੌਦੇ ਉਗਾਏ ਗਏ।
ਡਿਪਟੀ ਕਮਿਸ਼ਨਰ ਨੇ ਪਟਿਆਲਾ ਆਵਰ ਪ੍ਰਾਇਡ ਐਨਜੀਓ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਨਿਵਾਸੀਆਂ ਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ 15 ਲੱਖ ਬੂਟੇ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਅੱਜ ਲਗਾਏ ਗਏ ਬੂਟੇ ਤੇ ਇਨ੍ਹਾਂ ਦੀ ਸਾਂਭ ਸੰਭਾਲ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਇੱਕ ਨਾਯਾਬ ਤੋਹਫ਼ਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਬਗੀਚੀ, ਪਟਿਆਲਾ ਨੂੰ ਹਰਿਆ-ਭਰਿਆ ਅਤੇ ਟਿਕਾਊ ਬਣਾਉਣ ਲਈ ਚੱਲ ਰਹੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ।
ਐਚਪੀਐਸ ਲਾਂਬਾ ਨੇ ਦੱਸਿਆ ਕਿ ਗੁਰੂ ਨਾਨਕ ਬਗੀਚੀ ਵਿੱਚ ਨਿੰਮ, ਹਿਬਿਸਕਸ, ਕੜੀ ਪੱਤਾ, ਅੰਬ ਅਤੇ ਜਾਮੁਨ ਵਰਗੀਆਂ ਦੇਸੀ ਕਿਸਮਾਂ ਸਮੇਤ ਬੂਟਿਆਂ ਦੀਆਂ ਵਿਭਿੰਨ ਕਿਸਮਾਂ ਲਗਾਈਆਂ ਹਨ। ਜੋਕਿ ਸਥਾਨਕ ਜੈਵ ਵਿਭਿੰਨਤਾ ਅਤੇ ਵਾਤਾਵਰਣ ਦੀ ਸਿਹਤ ਸੰਭਾਲ ਲਈ ਆਪਣਾ ਯੋਗਦਾਨ ਪਾਉਣਗੇ।ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਲਈ ਵਰਤੀ ਗਈ ਮੀਆਵਾਕੀ ਤਕਨੀਕ ਸੰਘਣੇ, ਦੇਸੀ ਜੰਗਲਾਂ ਦੇ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ ਜੋ ਤੇਜ਼ੀ ਨਾਲ ਵਧਦੇ ਹਨ ਅਤੇ ਜੈਵ ਵਿਭਿੰਨਤਾ ਦਾ ਸਮਰਥਨ ਕਰਦੇ ਹਨ।
ਇਸ ਦੌਰਾਨ ਐਮ.ਕੌੜਾ, ਅਸ਼ੋਕ ਵਰਮਾ, ਪਰਵੇਸ਼ ਮੰਗਲਾ, ਕਰਨਲ ਕਰਮਿੰਦਰ ਸਿੰਘ, ਰਾਕੇਸ਼ ਕੱਦ, ਅਮਰਜੋਤ ਸਿੰਘ ਗਿੱਲ, ਏਅਰ ਮਾਰਸ਼ਲ ਕੇ.ਐਸ.ਗਿੱਲ, ਹਰਮਿੰਦਰ ਸਿੰਘ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਲੀਆ, ਵਣ ਵਿਭਾਗ ਦੇ ਬਲਾਕ ਅਫ਼ਸਰ ਰਮਨਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਇੰਜੀਨੀਅਰ ਦਵਿੰਦਰ ਸਿੰਘ ਤੇ ਇਲਾਕਾ ਨਿਵਾਸੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਪਟਿਆਲਾ ਸ਼ਹਿਰ ਨੂੰ ਰਿਹਾਇਸ਼ ਲਈ ਵਧੀਆ ਸਥਾਨ ਬਣਾਉਣ ਸਬੰਧੀਂ ਆਪਣੀ ਵਚਨਬੱਧਤਾ ਪ੍ਰਗਟਾਈ।
ਫੋਟੋ ਕੈਪਸ਼ਨ – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਪਟਿਆਲਾ ਅਵਰ ਪ੍ਰਾਇਡ ਵੱਲੋਂ ਬੂਟੇ ਲਾਉਣ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ, ਵਣਪਾਲ ਸਾਊਥ ਸਰਕਲ ਅਜੀਤ ਕੁਲਕਰਨੀ, ਐਚ.ਪੀ.ਐਸ ਲਾਂਬਾ ਤੇ ਹੋਰ ਵੀ ਨਜ਼ਰ ਆ ਰਹੇ ਹਨ।
