???? ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਇਆ ਕਾਰਡ ਬਣਾਉਣ ਤੇ ਦੀਵੇ ਸਜਾਉਣ ਦਾ ਮੁਕਾਬਲਾ
ਪਟਿਆਲਾ, 24 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਿਵਾਲੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਲਾ ਪ੍ਰਤਿਭਾ ਨੂੰ ਨਿਖਾਰਨ ਲਈ ਕਾਰਡ ਬਣਾਉਣ ਤੇ ਦੀਵੇ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 188 ਵਿਦਿਆਰਥੀਆਂ ਨੇ ਭਾਗ ਲਿਆ।

ਇਹ ਮੁਕਾਬਲਾ ਵਿਦਿਆਰਥੀਆਂ ਨੂੰ ਤਿੰਨ ਵਰਗਾਂ ਵਿੱਚ ਵੰਡ ਕੇ ਕਰਵਾਇਆ ਗਿਆ। ਪਹਿਲੇ ਵਰਗ ਵਿੱਚ ਪਹਿਲੀ ਤੋਂ ਪੰਜਵੀਂ, ਦੂਜੇ ‘ਚ ਛੇਵੀਂ ਤੋਂ ਅੱਠਵੀਂ, ਤੀਜੇ ਵਰਗ ‘ਚ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਹੀ ਵਿਦਿਆਰਥੀਆਂ ਨੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਬੜੇ ਹੀ ਸੁੰਦਰ ਕਾਰਡ ਬਣਾਏ ਅਤੇ ਦੀਵਿਆਂ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ। ਇੱਕ ਤੋਂ ਇੱਕ ਵੱਧ ਕੇ ਸੁੰਦਰ ਕਾਰਡਾਂ ਤੇ ਦੀਵਿਆਂ ਨੇ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੀ ਕਲਾ ਪ੍ਰਤਿਭਾ ਦਾ ਅਜਿਹਾ ਸੁੰਦਰ ਪ੍ਰਗਟਾਵਾ ਕੀਤਾ ਜਿਸ ਨੂੰ ਵੇਖ ਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਬੜੇ ਪ੍ਰਸੰਨ ਹੋਏ। ਉਨਾਂ ਨੇ ਸਭ ਵਿਦਿਆਰਥੀਆਂ ਦੀ ਬੜੀ ਪ੍ਰਸ਼ੰਸਾ ਕੀਤੀ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਹਮੇਸ਼ਾ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਵਰਗ ਦੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
