ਪਵਿੱਤਰ ਗ੍ਰੰਥ ਸ਼੍ਰੀ ਰਮਾਇਣ ਜੀ ਦਾ ਅਪਮਾਨ ਨਹੀਂ ਸਹਾਂਗੇ; ਜਲਦ ਹੋਵੇਗਾ ਤਿੱਖਾ ਰੋਸ ਪ੍ਰਦਰਸ਼ਨ : ਧਰਮ ਪ੍ਰੇਮੀ
– 6 ਅਗਸਤ ਨੂੰ ਹਿੰਦੂ ਸਮਾਜ ਕਾਲੇ ਝੰਡੇ ਲੈਕੇ ਕਰੇਗਾ ਸੜਕਾਂ ‘ਤੇ ਰੋਸ ਪ੍ਰਦਰਸ਼ਨ
– ਇਨਸਾਫ਼ ਵਿੱਚ ਦੇਰੀ ਲਈ ਪਟਿਆਲਾ ਪੁਲਿਸ ਜਿੰਮੇਵਾਰ!
ਪਟਿਆਲਾ, 3 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸਮਾਜ ‘ਚ ਆਪਣਾ ਰੁਤਬਾ ਰੱਖਦੇ ਹਿੰਦੂ ਧਰਮ ਦੇ ਲੋਕਾਂ ਦੀ ਇੱਕ ਸਾਂਝੇ ਤੌਰ ‘ਤੇ ਮੀਟਿੰਗ ਹੋਈ। ਭਗਵਾਨ ਸ਼੍ਰੀ ਭੂਤਨਾਥ ਮੰਦਿਰ ਵਿਖੇ ਆਯੋਜਿਤ ਇਸ ਮੀਟਿੰਗ ਵਿੱਚ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਸ਼੍ਰੀ ਰਾਮਾਇਣ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦਿਵਾਉਣ ਤੱਕ ਰੋਸ਼ ਪ੍ਰਦਰਸ਼ਨ ਤੇ ਸੰਘਰਸ਼ ਕਰਨ ਵਾਲੇ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇ ਤਮਾਮ ਲੋਕ ਆਪ ਮੁਹਾਰੇ ਇਕੱਠੇ ਹੋਏ। ਸਰਬ ਸਹਿਮਤੀ ਨਾਲ 30 ਜੁਲਾਈ ਨੂੰ ਸਮੂਹਿਕ ਭੁੱਖ ਹੜਤਾਲ ਕੀਤੀ ਗਈ ਸੀ, ਉਸੇ ਤਰ੍ਹਾਂ ਹੁਣ ਵੀ ਸਖ਼ਤ ਫੈਸਲਾ ਕੀਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਜੇਕਰ ਤਿੰਨ ਦਿਨਾਂ ਵਿੱਚ ਕੋਈ ਪੁਖਤਾ ਕਾਰਵਾਈ ਨਹੀਂ ਕਰਦਾ ਤਾਂ ਫਿਰ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ।
ਉਸੇ ਐਲਾਨ ਤਹਿਤ ਫੈਸਲਾ ਕੀਤਾ ਗਿਆ ਕਿ 6 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪ੍ਰਾਚੀਨ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਵੱਡੀ ਸੰਖਿਆ ਵਿੱਚ ਹਿੰਦੂ ਸਮਾਜ ਦੇ ਲੋਕ, ਸ਼੍ਰੀ ਰਾਮਾਇਣ ਜੀ ਵਿੱਚ ਆਸਥਾ ਰੱਖਣ ਵਾਲੇ ਅਤੇ ਉਸ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਵਾਲੇ ਲੋਕ ਇਕੱਠੇ ਹੋ ਕੇ ਮੋਟਰਸਾਈਕਲਾਂ, ਕਾਰਾਂ ਰਾਹੀਂ ਰੋਸ਼ ਪ੍ਰਦਰਸ਼ਨ ਕਰਦੇ ਹੋਏ ਐਸਐਸਪੀ ਪਟਿਆਲਾ ਦੇ ਦਫਤਰ ਬਾਹਰ ਪੁਲਿਸ ਪ੍ਰਸ਼ਾਸਨ ਪਟਿਆਲਾ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕਰਨਗੇ।
ਅੱਜ ਦੀ ਮੀਟਿੰਗ ਦੌਰਾਨ ਅਗਲੇ ਤਿੱਖੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਗਈ। ਦੱਸ ਦੇਈਏ ਕਿ ਇੱਕ ਵਿਅਕਤੀ ਵੱਲੋਂ ਕਰੋੜਾਂ ਲੋਕਾਂ ਦੀ ਆਸਥਾ ਵਾਲੇ ਸ਼੍ਰੀ ਰਾਮਾਇਣ ਜੀ ਦੇ ਪਾਵਨ ਗ੍ਰੰਥ ਬਾਰੇ ਗਲਤ ਸ਼ਬਦਾਵਲੀ ਵਰਤਦੇ ਹੋਏ, ਇੱਕ ਪੁਸਤਕ ਲਿਖ ਕੇ ਉਸਦੀ ਆਨਲਾਈਨ ਵਿਕਰੀ ਕੀਤੀ ਜਾ ਰਹੀ ਹੈ ਜਦਕਿ ਦੋ ਸਾਲ ਤੋਂ ਵੀ ਵੱਧ ਸਮੇਂ ਪਹਿਲਾਂ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਵੱਲੋਂ ਉਸ ਵਿਅਕਤੀ ‘ਤੇ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਐਫ ਆਈ ਆਰ ਦਰਜ ਕਰਵਾਉਣ ਵਾਲੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਤੇ ਸਮਾਜ ਸੇਵਕ ਅਸ਼ੋਕ ਵਰਮਾ ਲਗਾਤਾਰ ਇਸ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਸੀ। ਪ੍ਰੰਤੂ ਹੁਣ ਇਹ ਸੰਘਰਸ਼ ਜਨ ਜਨ ਤੱਕ ਪਹੁੰਚਣ ਲੱਗਿਆ ਹੈ ਅਤੇ ਵੱਡਾ ਰੂਪ ਧਾਰਨ ਕਰ ਰਿਹਾ ਹੈ।
ਅੱਜ ਦੀ ਮੀਟਿੰਗ ਵਿੱਚ ਲੋਕਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਸਥਿਤੀ ਵਿਗੜਦੀ ਹੈ ਤਾਂ ਉਸਦਾ ਜਿੰਮੇਵਾਰ ਪ੍ਰਸ਼ਾਸਨ ਅਤੇ ਪਟਿਆਲਾ ਪੁਲਿਸ ਖੁਦ ਹੋਵੇਗੀ।