???? ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌਤ !
ਨਵੀਂ ਦਿੱਲੀ/ਰਿਆਦ, 17 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਸਾਊਦੀ ਅਰਬ ‘ਚ ਸੋਮਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਉਮਰਾ ਦੇ ਪਵਿੱਤਰ ਸਫ਼ਰ ਤੋਂ ਪਰਤ ਰਹੇ ਭਾਰਤੀ ਤੀਰਥ ਯਾਤਰੀਆਂ ਦੀ ਬੱਸ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ 42 ਭਾਰਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਦਰਦਨਾਕ ਘਟਨਾ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 1:30 ਵਜੇ ਮੁਫ਼ਰੀਹਾਟ ਇਲਾਕੇ ‘ਚ ਵਾਪਰੀ, ਜਦੋਂ ਮੱਕਾ ਤੋਂ ਮਦੀਨਾ ਜਾ ਰਹੀ ਉਨ੍ਹਾਂ ਦੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ।
ਇੱਕ ਰਿਪੋਰਟ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਏ ਸਾਰੇ 42 ਲੋਕ ਭਾਰਤ ਦੇ ਹੈਦਰਾਬਾਦ ਸ਼ਹਿਰ ਦੇ ਰਹਿਣ ਵਾਲੇ ਸਨ। ਬੱਸ ‘ਚ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ਼ ਇੱਕ ਹੀ ਵਿਅਕਤੀ ਦੇ ਬਚਣ ਦੀ ਖਬਰ ਹੈ, ਜਿਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ 20 ਔਰਤਾਂ ਅਤੇ 11 ਬੱਚੇ ਵੀ ਸ਼ਾਮਲ ਹਨ। ਹਾਦਸਾ ਏਨਾ ਭਿਆਨਕ ਸੀ ਕਿ ਡੀਜ਼ਲ ਟੈਂਕਰ ਨਾਲ ਟੱਕਰ ਤੋਂ ਬਾਅਦ ਬੱਸ ਦੇ ਪਰਖੱਚੇ ਉੱਡ ਗਏ ਅਤੇ ਉਸ ‘ਚ ਅੱਗ ਲੱਗ ਗਈ।
ਉਮਰਾਹ ਤੋਂ ਬਾਅਦ ਮਦੀਨਾ ਜਾ ਰਹੇ ਸਨ।
ਜਾਣਕਾਰੀ ਮੁਤਾਬਕ, ਇਹ ਸਾਰੇ ਤੀਰਥ ਯਾਤਰੀ ਮੱਕਾ ‘ਚ ਉਮਰਾਹ ਦੀਆਂ ਰਸਮਾਂ ਪੂਰੀਆਂ ਕਰ ਚੁੱਕੇ ਸਨ ਅਤੇ ਜ਼ਿਆਰਤ ਲਈ ਮਦੀਨਾ ਜਾ ਰਹੇ ਸਨ। ਰਾਤ ਦਾ ਸਮਾਂ ਹੋਣ ਕਾਰਨ, ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ ਅਤੇ ਉਨ੍ਹਾਂ ਨੂੰ ਹਾਦਸੇ ਦਾ ਕੋਈ ਅੰਦਾਜ਼ਾ ਵੀ ਨਹੀਂ ਹੋਇਆ।
ਇਸ ਹਾਦਸੇ ਤੋਂ ਬਾਅਦ, ਸਾਊਦੀ ਅਰਬ ‘ਚ ਭਾਰਤੀ ਕੌਂਸਲੇਟ ਨੇ ਇੱਕ ਹੈਲਪਲਾਈਨ ਨੰਬਰ 8002440003 ਜਾਰੀ ਕੀਤਾ ਹੈ।
Newsline Express
