ਫਿਰੋਜ਼ਪੁਰ ਖੇਤਰ ‘ਚ 4 ਮਈ ਨੂੰ ਬਲੈਕਆਊਟ ਰਿਹਰਸਲ, ਸੁਰੱਖਿਆ ਤਿਆਰੀਆਂ ਦੀ ਕੀਤੀ ਜਾਵੇਗੀ ਜਾਂਚ
ਫਿਰੋਜ਼ਪਰ , 4 ਮਈ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਐਤਵਾਰ, 4 ਮਈ 2025 ਨੂੰ ਰਾਤ 9:00 ਵਜੇ ਤੋਂ 9:30 ਵਜੇ ਤੱਕ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਬਲੈਕਆਊਟ ਰਿਹਰਸਲ ਕੀਤੀ ਜਾਵੇਗੀ। ਇਸ ਰਿਹਰਸਲ ਦਾ ਉਦੇਸ਼ ਸੁਰੱਖਿਆ ਬਲਾਂ ਦੀ ਤਿਆਰੀ ਅਤੇ ਸੰਭਾਵਿਤ ਯੁੱਧ ਜਾਂ ਐਮਰਜੈਂਸੀ ਸਥਿਤੀ ਵਿੱਚ ਬਲੈਕਆਊਟ ਪ੍ਰਕਿਰਿਆਵਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਾ ਹੈ।
ਪ੍ਰਧਾਨ ਛਾਉਣੀ ਬੋਰਡ ਫਿਰੋਜ਼ਪੁਰ ਅਤੇ ਸਟੇਸ਼ਨ ਕਮਾਂਡਰ ਦੇ ਨਿਰਦੇਸ਼ਾਂ ਅਨੁਸਾਰ, ਇਹ ਅਭਿਆਸ ਪੂਰੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਇਸ ਤਹਿਤ ਪੂਰੇ ਛਾਉਣੀ ਖੇਤਰ ਵਿੱਚ 30 ਮਿੰਟਾਂ ਲਈ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਮੁੱਖ ਕਾਰਜਕਾਰੀ ਅਧਿਕਾਰੀ ਜੋਨਸ ਡਿਵੈਲਪਮੈਂਟ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਇਸ ਸਮੇਂ ਦੌਰਾਨ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਨਿਰਧਾਰਤ ਸਮੇਂ ‘ਤੇ ਬਿਜਲੀ ਸਪਲਾਈ ਬੰਦ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ।
