???? ਪੰਜਾਬ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆਕਲਪ : ਤਰੁਨਪ੍ਰੀਤ ਸਿੰਘ ਸੌਂਦ
???? ਪੰਜਾਬ ਸਟੇਟ ਆਰਕਾਈਵਜ ਵਿਭਾਗ ਕੋਲ 10 ਲੱਖ ਪੁਰਾਤਨ ਰਿਕਾਰਡ ਸੁਰੱਖਿਅਤ, 6 ਕਰੋੜ ਪੇਜ ਡਿਜੀਟਲਾਈਜ ਕੀਤੇ : ਸੌਂਦ
???? ਕਿਹਾ, ਖੋਜ ਕਾਰਜਾਂ ਲਈ ਦੇਸ਼-ਵਿਦੇਸ਼ ਤੋਂ ਆਉਂਦੇ ਸਕਾਲਰਾਂ, ਇਤਿਹਾਸਕਾਰਾਂ ਤੇ ਖੋਜਾਰਥੀਆਂ ਨੂੰ ਖੋਜ ਲਈ ਮਿਲੇਗਾ ਕੌਮਾਂਤਰੀ ਪੱਧਰ ਦਾ ਸਾਜ਼ਗਾਰ ਮਾਹੌਲ
ਪਟਿਆਲਾ, 24 ਜੂਨ: ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੁਰਾਲੇਖ ਵਿਭਾਗ ਪੰਜਾਬ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲ ਰਹੇ ਪਟਿਆਲਾ ਸਥਿਤ ਪੁਰਾਲੇਖ ਵਿਭਾਗ ਦੀ ਕਾਇਆਂ ਕਲਪ ਕਰੇਗੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਸੌਂਦ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਵੱਲ ਕਦੇ ਸੰਜੀਦਾ ਢੰਗ ਨਾਲ ਧਿਆਨ ਹੀ ਨਹੀਂ ਦਿੱਤਾ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਦੇ ਇਸ ਪੁਰਾਤਤਵ ਵਿਭਾਗ ਵਿੱਚ ਇਸੇ ਹਫ਼ਤੇ ਹੀ ਸਾਕਾਰਤਮਕ ਸੁਧਾਰ ਲਿਆਂਦੇ ਜਾਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਆਰਕਾਈਵਜ ਵਿਭਾਗ ਪਟਿਆਲਾ ਵੱਲੋਂ ਲਗਪਗ 10 ਲੱਖ ਪੁਰਾਤਨ ਰਿਕਾਰਡ, ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸਾਲ ਪੁਰਾਤਨ ਸਰੂਪ, ਫਾਇਲਾਂ, ਹੱਥ ਲਿਖਤਾਂ, ਦਸਤਾਵੇਜ (ਸ਼ਾਹੀ ਫੁਰਮਾਨ) ਪੰਜਾਬ ਤੇ ਕੇਂਦਰ ਸਰਕਾਰ ਦੇ ਗਜ਼ਟ, ਦੁਰਲੱਭ ਪੁਸਤਕਾਂ, ਨਕਸ਼ੇ ਤੇ ਪੇਟਿੰਗਜ਼ ਆਦਿ ਤੋਂ ਇਲਾਵਾ 8 ਸ਼ਾਹੀ ਰਿਆਸਤਾਂ ਦਾ ਰਿਕਾਰਡ ਸ਼ਾਮਲ ਹੈ, ਪੂਰੀ ਤਰ੍ਹਾਂ ਸੁਰੱਖਿਅਤ ਕਰਕੇ ਸੰਭਾਲਿਆ ਹੋਇਆ ਹੈ।

