???? ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ’ਚ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਣ ‘ਤੇ ਭੜਕੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
ਪਟਿਆਲਾ, 25 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਡਕਲਾ ਰੋਡ ’ਤੇ ਸਥਿਤ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ (BIPS) ਪਟਿਆਲਾ ’ਚ ਵੀਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਸਕੂਲ ਪ੍ਰਬੰਧਕਾਂ ਨੇ ਹਾਊਸ ਡਰੈੱਸ ਨਾ ਪਾਈ ਹੋਣ ਕਾਰਨ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ। ਇਸ ਦੌਰਾਨ ਪੇਪਰ ਦੇਣ ਤੋਂ ਰੋਕਣ ’ਤੇ ਭੜਕੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਪਹੁੰਚ ਕੇ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਾਪਿਆਂ ਵੱਲੋਂ ਇਕ ਲਿਖਤੀ ਸ਼ਿਕਾਇਤ ਪੁਲਿਸ ਤੇ ਚਾਈਲਡ ਰਾਈਟ ਕਮਿਸ਼ਨ ਨੂੰ ਵੀ ਕੀਤੀ ਗਈ। ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਸਕੂਲ ਦੀ ਡਰੈੱਸ ’ਚ ਸਕੂਲ ਪਹੁੰਚੇ ਸਨ ਅਤੇ ਜੇਕਰ ਕੁਝ ਬੱਚੇ ਭੁੱਲ ਕੇ ਹਾਊਸ ਡਰੈੱਸ ਨਹੀਂ ਪਾ ਕੇ ਆ ਸਕੇ ਤਾਂ ਉਨ੍ਹਾਂ ਨੂੰ ਪੇਪਰ ਦੇਣ ਤੋਂ ਰੋਕਣਾ ਗੈਰ-ਵਾਜਿਬ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੜ੍ਹਾਈ ਨਾਲੋਂ ਜ਼ਿਆਦਾ ਤਰਜੀਹ ਡਰੈਸ ਕੋਡ ਨੂੰ ਦੇਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ, ਜਿਸ ਸਬੰਧੀ ਉਹ ਕਾਰਵਾਈ ਕਰਵਾਉਣਗੇ।

ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਤਾ-ਪਿਤਾ ਅਮਨਦੀਪ ਸਿੰਘ, ਰਾਜਵੀਰ ਕੌਰ ਵਰਮਾ, ਰਿਸ਼ੂ ਗਿੱਲ, ਮਨਦੀਪ ਕੌਰ, ਪ੍ਰਦੀਪ ਵਰਮਾ, ਸਨਦੀਪ ਸਿੰਘ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਨਵਤੇਜ ਸਿੰਘ, ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਬੱਚਿਆਂ ਦਾ ਪੇਪਰ ਸੀ ਅਤੇ ਕੁਝ ਬੱਚੇ ਹਾਊਸ ਡਰੈੱਸ ਦੀ ਥਾਂ ’ਤੇ ਸਕੂਲ ਦੀ ਵਰਦੀ ਪਾ ਕੇ ਆਏ ਸਨ ਪਰ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਬਿਨਾਂ ਹਾਊਸ ਡਰੈੱਸ ਤੋਂ ਪੇਪਰ ਦੇਣ ਤੋਂ ਰੋਕ ਦਿੱਤਾ ਤੇ ਫੋਨ ਕਰਕੇ ਜਲਦੀ ਹਾਊਸ ਡਰੈਸ ਭੇਜਣ ਲਈ ਕਿਹਾ ਗਿਆ। ਮਾਪਿਆਂ ਨੇ ਦੋਸ਼ ਲਗਾਏ ਕਿ ਬੱਚਿਆਂ ਨੂੰ ਗਰਾਊਂਡ ’ਚ ਧੁੱਪ ਵਿਚਾਲੇ ਖੜ੍ਹਾ ਕੇ ਰੱਖਿਆ ਗਿਆ ਤੇ ਕਿਹਾ ਕਿ ਜੇਕਰ ਹਾਊਸ ਡਰੈੱਸ ਨਹੀਂ ਆਵੇਗੀ ਤਾਂ ਪੇਪਰ ਨਹੀਂ ਦੇਣ ਦਿੱਤਾ ਜਾਵੇਗਾ।

ਪੁਲਿਸ ਨੂੰ ਕੀਤੀ ਲਿਖਤੀ ਸ਼ਿਕਾਇਤ ਇਸ ਮੌਕੇ ਇਕੱਠੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਪ੍ਰਦੀਪ ਵਰਮਾ, ਅਮਨਦੀਪ ਸਿੰਘ, ਨਵਤੇਜ ਸਿੰਘ, ਸਨਦੀਪ ਸਿੰਘ, ਮਨੀਸ ਕੁਮਾਰ ਆਦਿ ਨੇ ਕਿਹਾ ਕਿ ਇਕ ਲਿਖਤੀ ਸਿਕਾਇਤ ਪੁਲਿਸ ਚੌਕੀ ਡਕਾਲਾ ਤੇ ਚਾਈਲਡ ਰਾਈਟ ਕਮਿਸ਼ਨ ਨੂੰ ਦਿੱਤੀ ਗਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਬਿਪਸ ਸਕੂਲ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕ ਕੇ ਮਾਨਸਿਕ ਪਰੇਸ਼ਾਨ ਕੀਤਾ ਗਿਆ ਹੈ।
Newsline Express
