???? ਪਟਿਆਲਾ ਦੀ ਨੇਹਾ ਦੀਵਾਨ ਕਰਕਰਾ ਹਾਇਰ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਬਣੀ ਐਡੀਸ਼ਨਲ ਸ਼ੈਸਨ ਜੱਜ
???? ਪਰਿਵਾਰ ਦੇ ਹੱਲਾਸ਼ੇਰੀ ਅਤੇ ਮਿਹਨਤ ਨੇ ਇਸ ਮੁਕਾਮ ਤੱਕ ਪਹੁੰਚਾਇਆ: ਨੇਹਾ ਦੀਵਾਨ ਕਰਕਰਾ
ਪਟਿਆਲਾ, 1 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਪਟਿਆਲਾ ਦੀ ਐਡਵੋਕੇਟ ਨੇਹਾ ਦੀਵਾਨ ਕਰਕਰਾ ਨੇ 2025 ਵਿੱਚ ਪੰਜਾਬ ਅਤੇ ਹਰਿਆਣਾ ਦੋਹਾਂ ਰਾਜਾਂ ਦੀ ਹਾਇਰ ਜੂਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਐਡੀਸ਼ਨਲ ਸ਼ੈਸਨ ਜੱਜ ਬਣ ਗਏ ਹਨ। ਹਾਇਰ ਜੂਡੀਸ਼ੀਅਲ ਸਰਵਿਸ ਪ੍ਰੀਖਿਆ ਵਿਚ ਚੁਣੀ ਜਾਣ ਵਾਲੀ ਇਕੱਲੀ ਮਹਿਲਾ ਵਕੀਲ ਹੈ। ਖ਼ਾਸ ਗੱਲ ਇਹ ਹੈ ਕਿ ਉਸਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਇਹ ਪ੍ਰਤਿਸ਼ਠਿਤ ਉੱਚ ਨਿਆਂਪਾਲਿਕਾ ਪ੍ਰੀਖਿਆ ਕਲੀਅਰ ਕੀਤੀ। ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਛੋਟੇ ਸ਼ਹਿਰ ਨਰਵਾਣਾ ਦੀ ਜੰਮਪਲ ਨੇਹਾ ਦੀਵਾਨ ਕਰਕਰਾ ਦੀ ਇਹ ਸਫਲਤਾ ਉਸਦੀ ਮਿਹਨਤ, ਅਕਾਦਮਿਕ ਕਾਬਲੀਅਤ ਅਤੇ ਪੇਸ਼ੇਵਰ ਸਮਰਪਣ ਦਾ ਪ੍ਰਮਾਣ ਹੈ। ਨੇਹਾ ਦੀਵਾਨ ਕਰਕਰਾ ਨੇ ਆਪਣਾ ਕਾਨੂੰਨੀ ਕਰੀਅਰ 2018–19 ਦੌਰਾਨ ਪਟਿਆਲਾ ਬਾਰ ਤੋਂ ਸ਼ੁਰੂ ਕੀਤਾ, ਜਿੱਥੇ ਉਸਨੂੰ ਆਪਣੇ ਸਹੁਰਾ ਸਾਹਿਬ ਅਤੇ ਪਟਿਆਲਾ ਦੇ ਨਾਮੀ ਐਡਵੋਕੇਟ ਸ਼੍ਰੀ ਸਤੀਸ਼ ਕਾਰਕਰਾ ਵੱਲੋਂ ਮਾਰਗਦਰਸ਼ਨ ਅਤੇ ਪ੍ਰੇਰਣਾ ਮਿਲੀ। 2019 ਤੋਂ ਉਹ ਆਪਣੇ ਪਤੀ ਮਯੂਰ ਕਾਰਕਰਾ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਪ੍ਰੈਕਟਿਸ ਕਰ ਰਹੀ ਹੈ।
ਸਰਗਰਮ ਕਾਨੂੰਨੀ ਪ੍ਰੈਕਟਿਸ ਦੇ ਨਾਲ-ਨਾਲ, ਨੇਹਾ ਦੀਵਾਨ ਕਰਕਰਾ ਅਕਾਦਮਿਕ ਖੇਤਰ ਵਿੱਚ ਵੀ ਗਹਿਰਾਈ ਨਾਲ ਜੁੜੀ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਾਨੂੰਨ ਵਿਭਾਗ ਵਿੱਚ ਗੈਸਟ ਫੈਕਲਟੀ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਅਤੇ ਵਿਦਿਆਰਥੀਆਂ ਤੇ ਸਟਾਫ ਵਿੱਚ ਇੱਕ ਸਮਰਪਿਤ ਅਧਿਆਪਿਕਾ ਵਜੋਂ ਜਾਣੀ ਜਾਂਦੀ ਹੈ, ਜਿਸ ਨੇ ਅਦਾਲਤੀ ਵਕਾਲਤ ਅਤੇ ਕਾਨੂੰਨੀ ਸਿੱਖਿਆ ਵਿਚ ਸੰਤੁਲਨ ਬਣਾ ਕੇ ਰੱਖਿਆ ਹੋਇਆ ਸੀ। ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਨੇਹਾ ਦੀਵਾਨ ਕਰਕਰਾ ਨੇ ਇਸ ਉਪਲਬਧੀ ਦਾ ਸੇਹਰਾ ਆਪਣੇ ਪਰਿਵਾਰ ਵੱਲੋਂ ਦਿੱਤੇ ਸਹਿਯੋਗ ਨੂੰ ਦਿੱਤਾ। ਉਸਨੇ ਆਪਣੀ ਮਰਹੂਮ ਮਾਤਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਆਪਣੇ ਮਾਪਿਆਂ, ਆਪਣੇ ਨੰਨੇ ਪੁੱਤਰ ਯੁਵਪ੍ਰਤਾਪ, ਆਪਣੇ ਪਤੀ ਐਡਵੋਕੇਟ ਮਯੂਰ ਕਰਕਰਾ, ਸਹੁਰਾ ਸਾਹਿਬ ਐਡਵੋਕੇਟ ਸਤੀਸ਼ ਕਰਕਰਾ ਅਤੇ ਸੱਸ ਮਾਤਾ ਆਰ.ਡੀ ਕਰਕਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਕਠਿਨ ਤਿਆਰੀ ਅਤੇ ਪੇਸ਼ੇਵਰ ਯਾਤਰਾ ਦੌਰਾਨ ਹਮੇਸ਼ਾ ਹੌਸਲਾ ਅਤੇ ਭਾਵਨਾਤਮਕ ਸਹਾਰਾ ਦਿੱਤਾ। ਪਟਿਆਲਾ ਅਤੇ ਚੰਡੀਗੜ੍ਹ ਦੇ ਕਾਨੂੰਨੀ ਵਰਗਾਂ ਵੱਲੋਂ ਉਸਦੀ ਇਸ ਉਪਲਬਧੀ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਫਲਤਾ ਉੱਚ ਨਿਆਂਪਾਲਿਕਾ ਵਿੱਚ ਜਾਣ ਦੀ ਇੱਛਾ ਰੱਖਣ ਵਾਲੀਆਂ ਮਹਿਲਾ ਵਕੀਲਾਂ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਹੈ। ਇੱਕ ਛੋਟੇ ਸ਼ਹਿਰ ਤੋਂ ਦੋ ਰਾਜਾਂ ਦੀ ਹਾਇਰ ਜੂਡੀਸ਼ੀਅਲ ਸਰਵਿਸ ਵਿੱਚ ਚੋਣ ਨੇਹਾ ਦੀਵਾਨ ਕਰਕਰਾ ਸੱਚਮੁੱਚ ਪ੍ਰੇਰਣਾਦਾਇਕ ਹੈ। ਐਡਵੋਕੇਟ ਸਤੀਸ਼ ਕਰਕਰਾ ਨੇ ਕਿ ਹਾਇਰ ਜੂਡੀਸ਼ੀਅਲ ਸਰਵਿਸ ਪਾਸ ਕਰਨਾ ਕਰਕਰਾ ਪਰਿਵਾਰ ਦੇ ਹੀ ਨਹੀਂ ਸਗੋਂ ਪੁਰੇ ਪਟਿਆਲਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੂੰ ਆਪਣੀ ਬੱਚੀ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਨੇਹਾ ਦੀਵਾਨ ਕਰਕਰਾ ਨੇ ਦਰਸਾ ਦਿੱਤਾ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।
ਫੋਟੋ ਕੈਪਸ਼ਨ: ਹਾਇਰ ਜੂਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਐਡੀਸ਼ਨਲ ਸ਼ੈਸਨ ਜੱਜ ਬਣ ਵਾਲੀ ਨੇਹਾ ਦੀਵਾਨ ਕਰਕਰਾ ਆਪਣੇ ਸਹੁਰਾ ਸਾਹਿਬ ਐਡਵੋਕੇਟ ਸਤੀਸ਼ ਕਰਕਰਾ, ਸੱਸ ਆਰ.ਡੀ. ਕਰਕਰਾ, ਪਤੀ ਐਡਵੋਕੇਟ ਮਾਯੁਰ ਕਰਕਰਾ ਅਤੇ ਬੇਟੇ ਯੁਵ ਕਰਕਰਾ ਨਾਲ।
Newsline Express
