newslineexpres

Home FesrivalFestival ????ਵਿਰਾਸਤੀ ਕਵੀ ਦਰਬਾਰ ’ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ

????ਵਿਰਾਸਤੀ ਕਵੀ ਦਰਬਾਰ ’ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ

by Newslineexpres@1

???? ਪਟਿਆਲਾ ਹੈਰੀਟੇਜ ਫੈਸਟੀਵਲ-2026
ਵਿਰਾਸਤੀ ਕਵੀ ਦਰਬਾਰ ’ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ

???? ਪੰਜਾਬੀ, ਹਿੰਦੀ, ਉਰਦੂ ਤੇ ਪੁਆਧੀ ਭਾਸ਼ਾ ਦੀ ਕਾਵਿ ਵੰਨਗੀਆਂ ਨੂੰ ਮਿਲਿਆ ਖੂਬ ਹੁੰਗਾਰਾ

ਪਟਿਆਲਾ, 13 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ  –            ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਵਿਰਾਸਤੀ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੇ ਨੋਡਲ ਅਫ਼ਸਰ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਦੱਸਿਆ‌ ਕਿ ਪੰਜਾਬੀ, ਹਿੰਦੀ, ਉਰਦੂ ਤੇ ਪੁਆਧੀ ਭਾਸ਼ਾ ਦੇ ਕਵੀਆਂ ਨੇ ਗਜ਼ਲਾਂ, ਕਵਿਤਾਵਾਂ ਤੇ ਸਾਹਿਤਕ ਗੀਤਾਂ ਰਾਹੀਂ ਵੱਡੀ ਗਿਣਤੀ ’ਚ ਹਾਜ਼ਰ ਸਰੋਤਿਆਂ ਨੂੰ ਕੀਲ ਲਿਆ।

ਇਸ ਮੁਸ਼ਾਇਰੇ ਦੌਰਾਨ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਤੇ ਇਸ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਮੇਜ਼ਬਾਨ ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
               ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਬਣਾਉਣ ਲਈ ਜਿੱਥੇ ਵੱਖ-ਵੱਖ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਉੱਥੇ ਸੂਬੇ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਵਿਸ਼ੇਸ਼ ਮੇਲੇ ਸਜਾਏ ਜਾ ਰਹੇ ਹਨ, ਇਸੇ ਲੜੀ ਤਹਿਤ ਹੀ ਪਟਿਆਲਾ ਹੈਰੀਟੇਜ ਫੈਸਟੀਵਲ ਮਨਾਇਆ ਜਾ ਰਿਹਾ ਹੈ।
               ਪ੍ਰਧਾਨਗੀ ਭਾਸ਼ਨ ਦੌਰਾਨ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਵੀ ਦਰਬਾਰ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਹਿੱਸਾ ਬਣਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਮੇਜ਼ਬਾਨ ਕਾਲਜ ਦੇ ਸਟਾਫ਼ ਤੇ ਵਿ‌ਦਿਆਰਥੀਆਂ ਵੱਲੋਂ ਕਵਿਤਾਵਾਂ ’ਚ ਦਿਖਾਈ ਰੁਚੀ ਦੀ ਵੀ ਪ੍ਰਸ਼ੰਸਾ ਕੀਤੀ। ਜ਼ਫ਼ਰ ਹੁਣਾ ਨੇ ਆਪਣੀ ਤਿੰਨ ਨਜ਼ਮਾਂ ‘ਰੋਣਾ ਨਹੀਂ..,’ ‘ਖ਼ੂਨ, ਪਸੀਨਾ ਤੇ ਸਿਆਹੀ’ ਅਤੇ ‘ਦੂਜਾ ਪਾਸਾ’ ਰਾਹੀਂ ਕਵੀ ਦਰਬਾਰ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ।

   ਸ੍ਰੋਮਣੀ ਕਵੀ ਸੁਰਜੀਤ ਜੱਜ ਨੇ ਆਪਣੀਆਂ ਰਚਨਾਵਾਂ ਰਾਹੀਂ ਦੇਸ਼ ਦੀ ਏਕਤਾ ਆਖੰਡਤਾ, ਕਿਰਤੀਆਂ ਦੀ ਹਾਲਤ ਅਤੇ ਅਜੋਕੀ ਸਿਆਸਤ ’ਤੇ ਵਿਅੰਗ ਕਸਦੀਆਂ ਹਿੰਦੀ ਤੇ ਪੰਜਾਬੀ ’ਚ ਨਜ਼ਮਾਂ ਸੁਣਾਈਆਂ। ਇੱਕ ਹੋਰ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ‘ਸ਼ਹਿਰ ਮੇਰਾ ਪਟਿਆਲਾ..’, ਰਾਹੀਂ ਸ਼ਾਹੀ ਸ਼ਹਿਰ ਦੀ ਖਾਸੀਅਤਾਂ ਦਾ ਜਿਕਰ ਕੀਤਾ। ਤ੍ਰੈਲੋਚਨ ਲੋਚੀ ਨੇ ਆਪਣੀ ਗਜ਼ਲ ‘ਤਿੰਨ ਮਾਵਾਂ’ ਤੇ ‘ਘਰਾਂ ਦੀ ਰੋਸ਼ਨੀ’ ਰਾਹੀਂ ਕਾਵਿ ਰਿਸ਼ਮਾਂ ਬਿਖੇਰੀਆਂ।
               ਡਾ. ਗੁਰਸੇਵਕ ਲੰਬੀ ਨੇ ‘ਦਿਲ ਨੂੰ ਤੂੰ ਦਿਲ ਰੱਖੀ’ ਰਾਹੀਂ ਇਨਸਾਨੀ ਕਦਰਾਂ-ਕੀਮਤਾਂ ਦਾ ਵਸਤਾ ਪਾਇਆ। ਡਾ. ਰੂਬੀਨਾ ਸ਼ਬਨਮ ਨੇ ਆਪਣੀ ਨਜ਼ਮ ‘ਆਵਾਗਮਣ’ ਰਾਹੀਂ ਔਰਤ ਦੁਆਰਾ ਇੱਕ ਜੂਨ ’ਚ ਹੀ ਬਹੁਤ ਸਾਰੀਆਂ ਜੂਨਾਂ ਹੰਢਾਉਣ ਦੀ ਤਸਵੀਰ ਪੇਸ਼ ਕੀਤੀ।
               ਸੰਤ ਸਿੰਘ ਸੋਹਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਨਜ਼ਮ ਪੇਸ਼ ਕੀਤੀ। ਚਰਨ ਪੁਆਧੀ ਤੇ ਸ਼ਤੀਸ਼ ਵਿਦਰੋਹੀ ਨੇ ਪੁਆਧੀ ’ਚ ਕਰਮਵਾਰ ‘ਮਾਰੇ ਗਾਓਂ ਕੀ ਬੁੜੀਆਂ..,’ ਤੇ ‘ਮਾਰ੍ਹੀ ਬੋਲੀ, ਮਾਰ੍ਹਾ ਲਹਿਜਾ’ ਰਾਹੀਂ ਪੇਂਡੂ ਜੀਵਨ ਦਾ ਚਿਤਰਨ ਕੀਤਾ। ਨਵਦੀਪ ਮੁੰਡੀ ਨੇ ਵਾਤਾਵਰਣ ਦੀ ਸੰਭਾਲ ਕਰਨ ਪ੍ਰਤੀ ਸੁਚੇਤ ਕਰਦੀ ਰਚਨਾ ਪੇਸ਼ ਕੀਤੀ। ਡਾ. ਆਸ਼ਾ ਕਿਰਨ ਨੇ ਆਪਣੀ ਰਚਨਾ ਰਾਹੀਂ ਪੰਜਾਬ ਦੇ ਦੇਸੀ ਮਹੀਨਿਆਂ ਦੇ ਰੰਗਾਂ ਦੀ ਬਤਾ ਪਾਈ।
               ਗੁਰਪ੍ਰੀਤ ਢਿੱਲੋਂ ‘ਇੱਕ ਅੱਖ ਸੁਪਨਾ’ ਤੇ ਕਿਰਪਾਲ ਮੂਣਕ ਨੇ ‘ਮਾਹੀ ਵੇ ਮੋੜ ਬਹਾਰਾ’ ਕਾਵਿ ਨੂੰ ਤਰੰਨਮ ’ਚ ਗਾ ਕੇ ਮੁਸ਼ਾਇਰੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਬਜਿੰਦਰ ਠਾਕੁਰ ਨੇ ‘ਆਪਣੀ ਬੋਲੀ, ਆਪਣਾ ਵਿਰਸਾ,’ ਰਾਹੀਂ ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ। ਜਸਵਿੰਦਰ ਚਾਹਲ ਨੇ ਆਪਣੀ ਮਸ਼ਹੂਰ ਕਵਿਤਾ ‘ਮਰਦਸ਼ੁਮਾਰੀ’ ਰਾਹੀਂ ਸਭ ਨੂੰ ਮੋਹ ਲਿਆ। ਅੰਮ੍ਰਿਤਪਾਲ ਸ਼ੈਦਾ ਨੇ ਦਸਤਾਰ ਤੇ ਅਣਖ ਸਬੰਧੀ ਆਪਣੀ ਨਜ਼ਮ ਰਾਹੀਂ ਮਾਹੌਲ ਨੂੰ ਜੋਸ਼ਮਈ ਬਣਾ ਦਿੱਤਾ।
               ਡਾ. ਗੁਰਵਿੰਦਰ ਅਮਨ ਨੇ ਆਪਣੀ ਕਵਿਤਾ ਰਾਹੀਂ ਮਿਹਤਨਕਸ਼ ਲੋਕਾਂ ਦੀ ਹਾਲਤ, ਪ੍ਰੋ. ਪੁਨੀਤ ਨੇ ਪਟਿਆਲਾ ਬਾਰੇ, ਪ੍ਰੋ. ਸੁਖਵਿੰਦਰ ਨੇ ਮਹਿੰਦਰਾ ਕਾਲਜ ਦੇ ਸਫ਼ਰ ਬਾਰੇ ਅਤੇ ਪ੍ਰੋ. ਗਗਨਦੀਪ ਨੇ ਪਿਤਾ ਦੇ ਔਲਾਦ ਨਾਲ ਰਿਸ਼ਤੇ ਦਾ ਚਿਤਰਨ ਕੀਤਾ। ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਮੰਚ ਸੰਚਾਲਨ ਬਾਖ਼ੂਬੀ ਕੀਤਾ। ਸਾਰੇ ਕਵੀਆਂ ਤੇ ਮਹਿਮਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।

Newsline Express 

Related Articles

Leave a Comment