???? ਪਟਿਆਲਾ ਵਿੱਚ 18ਵਾਂ ਸਾਲਾਨਾ ਸ੍ਰੀ ਹਨੂੰਮਾਨ ਜੀ ਚਾਲੀਸਾ ਪਾਠ ਮਹੋਤਸਵ ਮੰਗਲਵਾਰ ਨੂੰ ; ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ
???? ਸਨਾਤਨ ਧਰਮ ਦੀ ਜੀਵੰਤਤਾ ਅਤੇ ਲੋਕਾਂ ਦੀ ਅਟੁੱਟ ਆਸਥਾ ਦਾ ਪ੍ਰਤੀਕ ਬਣ ਕੇ ਉਭਰੇਗਾ ਇਹ ਸਮਾਗਮ : ਪਵਨ ਗੁਪਤਾ
ਪਟਿਆਲਾ, 23 ਫ਼ਰਵਰੀ – ਸੋਨੂੰ ਬਾਵਾ, ਰਾਜੇਸ਼ਵਰ / ਨਿਊਜ਼ਲਾਈਨ ਐਕਸਪ੍ਰੈਸ –
ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਸ੍ਰੀ ਹਨੂੰਮਾਨ ਚਾਲੀਸਾ ਪਾਠ ਮਹੋਤਸਵ ਨੂੰ ਲੈ ਕੇ ਪੂਰੇ ਪਟਿਆਲਾ ਸ਼ਹਿਰ ਵਿੱਚ ਵਿਸ਼ੇਸ਼ ਧਾਰਮਿਕ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਹਿਰਾਉਂਦੇ ਭਗਵੇਂ ਝੰਡੇ ਅਤੇ ਸਜਾਵਟ ਸਨਾਤਨ ਧਰਮ ਦੀ ਆਸਥਾ ਅਤੇ ਏਕਤਾ ਦਾ ਪ੍ਰਤੀਕ ਬਣੇ ਹੋਏ ਹਨ।
ਇਹ ਇੱਕ ਰੋਜ਼ਾ ਧਾਰਮਿਕ ਮਹਾਕੁੰਭ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਾਲੀ ਮਾਤਾ ਮੰਦਰ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮਹੋਤਸਵ ਵਿੱਚ ਦੇਸ਼ ਭਰ ਤੋਂ ਪ੍ਰਸਿੱਧ ਸੰਤ ਮਹਾਪੁਰਸ਼ ਹਾਜ਼ਰੀ ਭਰ ਰਹੇ ਹਨ, ਜਿਸ ਨਾਲ ਇਸ ਸਮਾਗਮ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਹਰਿਦੁਆਰ ਤੋਂ ਪਹੁੰਚ ਰਹੇ ਹਨ, ਜਦੋਂਕਿ ਅਯੁੱਧਿਆ ਧਾਮ ਤੋਂ ਸਵਾਮੀ ਨਵਲ ਕਿਸ਼ੋਰ ਅਤੇ ਸਵਾਮੀ ਆਨੰਦ ਸਵਰੂਪ ਜੀ ਦੀ ਵਿਸ਼ੇਸ਼ ਹਾਜ਼ਰੀ ਰਹੇਗੀ। ਇਸ ਦੇ ਨਾਲ ਹੀ ਡਾਸਨਾ ਤੋਂ ਯਤੀ ਨਰਸਿਮਹਾਨੰਦ ਵੀ ਉਤਸਵ ਦੀ ਕਾਮਯਾਬੀ ਲਈ ਵਿਸ਼ੇਸ਼ ਤੌਰ ‘ਤੇ ਪਟਿਆਲਾ ਆ ਰਹੇ ਹਨ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਪਿਛਲੇ ਕਈ ਦਿਨਾਂ ਤੋਂ ਇਸ ਮਹੋਤਸਵ ਦੀ ਤਿਆਰੀਆਂ ਵਿੱਚ ਦਿਨ-ਰਾਤ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਧਾਰਮਿਕ ਪਾਠ ਤੱਕ ਸੀਮਿਤ ਨਹੀਂ, ਬਲਕਿ ਸਮਾਜ ਵਿੱਚ ਨੈਤਿਕਤਾ, ਸਨਾਤਨ ਸੰਸਕਾਰਾਂ ਅਤੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਫੈਲਾਉਣ ਦਾ ਇੱਕ ਮੰਚ ਹੈ।
ਉਨ੍ਹਾਂ ਆਖਿਆ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਨਾਲ ਸੰਬੰਧਿਤ ਕਈ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਨਾਤਨ ਧਰਮ ਅੱਜ ਵੀ ਲੋਕਾਂ ਨੂੰ ਇਕਜੁਟ ਕਰਨ ਦੀ ਤਾਕਤ ਰੱਖਦਾ ਹੈ। ਇਸ ਉਤਸਵ ਲਈ ਸਾਰੇ ਸਨਾਤਨ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਭਾਗ ਲੈ ਕੇ ਧਾਰਮਿਕ ਲਾਭ ਪ੍ਰਾਪਤ ਕਰ ਸਕਣ।
ਧਾਰਮਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਸ਼ਾਂਤੀ, ਸਹਿਯੋਗ ਅਤੇ ਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ। ਪਟਿਆਲਾ ਵਿੱਚ ਹੋ ਰਿਹਾ ਇਹ ਹਨੂੰਮਾਨ ਚਾਲੀਸਾ ਪਾਠ ਮਹੋਤਸਵ ਸਨਾਤਨ ਧਰਮ ਦੀ ਜੀਵੰਤਤਾ ਅਤੇ ਲੋਕਾਂ ਦੀ ਅਟੁੱਟ ਆਸਥਾ ਦਾ ਪ੍ਰਤੀਕ ਬਣ ਕੇ ਉਭਰ ਰਿਹਾ ਹੈ। Newsline Express
