???? ਲੋਕ ਨਿਰਮਾਣ ਮੰਤਰੀ ਈ.ਟੀ.ਓ. ਵੱਲੋਂ ਵਿਕਾਸ ਕਾਰਜਾਂ ਦਾ ਜ਼ਮੀਨੀ ਜਾਇਜ਼ਾ
???? ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਵਿਸਥਾਰ ਤੇ ਮਜ਼ਬੂਤੀਕਰਨ ਜਾਰੀ
???? ਸੜਕਾਂ ਦੀ ਗੁਣਵੱਤਾ ਲਈ ਮੁੱਖ ਮੰਤਰੀ ਵੱਲੋਂ ਫਲਾਇੰਗ ਸਕਵਾਡ ਦਾ ਗਠਨ
ਅੰਮ੍ਰਿਤਸਰ, 26 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਜਾਰੀ ਹਨ। ਇਹ ਗੱਲ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕਹੀ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਲਗਭਗ 45 ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਬਣਾਉਣ ਦੇ ਨਾਲ-ਨਾਲ ਪੁਰਾਣੀਆਂ ਸੜਕਾਂ ਨੂੰ ਮਜ਼ਬੂਤ ਅਤੇ ਚੌੜਾ ਕਰਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨੇ ਕਰੀਬ 1 ਕਰੋੜ 73 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਹ ਪ੍ਰੋਜੈਕਟ 25 ਨਵੰਬਰ 2025 ਨੂੰ ਸ਼ੁਰੂ ਹੋਇਆ ਸੀ ਅਤੇ ਜੂਨ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿੱਚ ਫੁੱਟਬਾਲ, ਹੈਂਡਬਾਲ ਅਤੇ ਵਾਲੀਬਾਲ ਲਈ ਮੈਦਾਨ, ਜੋਗਿੰਗ ਟਰੈਕ ਸਮੇਤ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਨਾਲ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧੇਗਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹ ਮਿਲੇਗਾ।
ਇਸ ਤੋਂ ਇਲਾਵਾ ਮੰਤਰੀ ਵੱਲੋਂ ਅੰਮ੍ਰਿਤਸਰ-ਮਹਿਤਾ ਰੋਡ ਤੋਂ ਮਹਿਤਾ-ਬਿਆਸ ਰੋਡ (ਵਾਇਆ ਦਮਦਮੀ ਟਕਸਾਲ ਗੁਰਦੁਆਰਾ ਸਾਹਿਬ, ਮਹਿਤਾ) ਤੱਕ ਕੀਤੇ ਜਾ ਰਹੇ ਸਪੈਸ਼ਲ ਰਿਪੇਅਰ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਲਗਭਗ 58.49 ਲੱਖ ਰੁਪਏ ਦੀ ਲਾਗਤ ਨਾਲ 3.28 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਦਾ ਕੰਮ ਜਾਰੀ ਹੈ, ਜੋ ਜਲਦੀ ਹੀ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ।
ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ, ਉੱਥੇ ਉਹ ਗੁਣਵੱਤਾ ’ਤੇ ਨਿਗਰਾਨੀ ਰੱਖਣ। ਜੇਕਰ ਕਿਸੇ ਵੀ ਤਰ੍ਹਾਂ ਦੀ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਸੰਬੰਧਿਤ ਅਧਿਕਾਰੀਆਂ ਜਾਂ ਆਪਣੇ ਵਿਧਾਇਕ ਨੂੰ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਫਲਾਇੰਗ ਸਕਵਾਡ ਦਾ ਗਠਨ ਕੀਤਾ ਗਿਆ ਹੈ, ਜਦਕਿ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਵਿਭਾਗੀ ਪੱਧਰ ’ਤੇ ਕਮੇਟੀ ਬਣਾਈ ਗਈ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਦੇ ਮੁੱਦੇ ’ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੇ ਸਾਹਮਣੇ ਜਾਵੇਗੀ ਅਤੇ 2027 ਵਿੱਚ ਮੁੜ ਸਰਕਾਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੀਆਂ ਗਈਆਂ ਵਾਅਦਿਆਂ ਤੋਂ ਵੀ ਵੱਧ ਕੰਮ ਕੀਤੇ ਗਏ ਹਨ ਅਤੇ ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰੀ ਖ਼ਿਲਾਫ਼ ਜੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ।
*Newsline Express*
previous post
