???? ਫ਼ਿਲਮ “ਪਿੱਟ ਸਿਆਪਾ” ਵਿਵਾਦਾਂ ‘ਚ, ਚੰਡੀਗੜ੍ਹ ਕੋਰਟ ਵੱਲੋਂ ਰਿਲੀਜ਼ ‘ਤੇ ਅਸਥਾਈ ਰੋਕ
ਚੰਡੀਗੜ੍ਹ, 21 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ “ਪਿੱਟ ਸਿਆਪਾ” ਰਿਲੀਜ਼ ਤੋਂ ਪਹਿਲਾਂ ਹੀ ਕਾਨੂੰਨੀ ਪਚੜੇ ਵਿੱਚ ਫਸ ਗਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਵਿਵਾਦ ਦੇ ਮੱਦੇਨਜ਼ਰ ਫਿਲਮ ਦੀ ਰਿਲੀਜ਼ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਇਹ ਮਾਮਲਾ ਉਸ ਵੇਲੇ ਉੱਭਰਿਆ ਜਦੋਂ ਲੇਖਕ ਰਾਜਨ ਨੰਦਨ ਨੇ ਦਾਅਵਾ ਕੀਤਾ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੀ ਲਿਖੀ ਹੋਈ ਸਕ੍ਰਿਪਟ ਤੋਂ ਪ੍ਰੇਰਿਤ ਹੈ। ਉਨ੍ਹਾਂ ਮੁਤਾਬਕ ਇਹ ਸਕ੍ਰਿਪਟ ਸਾਲ 2021 ਵਿੱਚ ਰਜਿਸਟਰ ਕਰਵਾਈ ਗਈ ਸੀ। ਜਦੋਂ 27 ਮਾਰਚ 2026 ਨੂੰ ਫਿਲਮ ਦਾ ਪ੍ਰੋਮੋ ਸਾਹਮਣੇ ਆਇਆ, ਤਾਂ ਉਨ੍ਹਾਂ ਨੂੰ ਕਹਾਣੀ ਵਿੱਚ ਆਪਣੀ ਰਚਨਾ ਨਾਲ ਮਿਲਾਪ ਨਜ਼ਰ ਆਇਆ।
ਇਸ ਦੇ ਬਾਅਦ 1 ਅਪ੍ਰੈਲ 2026 ਨੂੰ ਉਨ੍ਹਾਂ ਵੱਲੋਂ ਫਿਲਮ ਨਾਲ ਜੁੜੀਆਂ ਧਿਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਮਾਮਲਾ ਵਧਣ ‘ਤੇ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਮੁੱਢਲੀ ਸੁਣਵਾਈ ਦੌਰਾਨ ਕੋਰਟ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 28 ਅਪ੍ਰੈਲ 2026 ਨੂੰ ਹੋਣੀ ਹੈ, ਜਿੱਥੇ ਅਦਾਲਤ ਵੱਲੋਂ ਅਗਲਾ ਫੈਸਲਾ ਲਿਆ ਜਾਵੇਗਾ। ਫਿਲਮ ਦਾ ਨਿਰਦੇਸ਼ਨ Rupinder Chahal ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ ਮੁੱਖ ਭੂਮਿਕਾ ‘ਚ ਸੋਨਮ ਬਾਜਵਾ ਦੇ ਨਾਲ ਪਰਮਵੀਰ ਸਿੰਘ ਚੀਮਾ ਨਜ਼ਰ ਆਉਣਗੇ। ਦੋਵੇਂ ਕਲਾਕਾਰ ਪਹਿਲੀ ਵਾਰ ਇਕੱਠੇ ਸਕਰੀਨ ਸਾਂਝੀ ਕਰ ਰਹੇ ਹਨ। ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਿਨੇਮਾ ਵਿੱਚ ਸਰਗਰਮ ਹਨ ਅਤੇ ਕਈ ਹਿੱਟ ਫਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ ਵਿੱਚ ਉਹ ਦਿਲਜੀਤ ਦੋਸਾਂਝ ਦੇ ਨਾਲ ਫਿਲਮ “Border 2” ਵਿੱਚ ਵੀ ਨਜ਼ਰ ਆਏ ਸਨ।
Newsline Express
