ਪਟਿਆਲਾ, 25 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੋਂ ਦੇ ਪ੍ਰਸਿੱਧ ਸ੍ਰੀ ਕਾਲ਼ੀ ਦੇਵੀ (ਮਾਤਾ) ਮੰਦਰ ਮੱਥਾ ਟੇਕਿਆ ਅਤੇ ਪੰਜਾਬ ਦੀ ਅਮਨ- ਸ਼ਾਂਤੀ ਅਤੇ ਭਾਈਚਾਰਕ- ਸਾਂਝ ਲਈ ਪ੍ਰਾਰਥਨਾ ਕੀਤੀ। ਉਹ ਅੱਜ ਕਾਲ਼ੀ ਮਾਤਾ ਮੰਦਰ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਕਿਉਂਕਿ ਬੀਤੇ ਦਿਨੀਂ ਇੱਕ ਵਿਅਕਤੀ ਵੱਲੋਂ ਮਾਤਾ ਦੀ ਮੂਰਤੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਇਸ ਮੰਦਰ ਨਾਲ ਜੋੜੀ ਸੰਗਤ ਦੀਆਂ ਧਾਰਮਿਕ ਭਾਵਨਾ ਨੂੰ ਵੱਡੀ ਠੇਸ ਪੁੱਜੀ ਸੀ। ਮੰਦਰ ਪਹੁੰਚ ਕੇ ਮਾਨ ਨੇ ਕਮੇਟੀ ਪ੍ਰਬੰਧਕਾਂ ਕੋਲੋਂ ਬੇਅਦਬੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ‘ਆਪ’ ਆਗੂ ਭਗਵੰਤ ਮਾਨ ਦਾ ਸਨਮਾਨ ਵੀ ਕੀਤਾ ਗਿਆ।
ਮੰਗਲਵਾਰ ਨੂੰ ਪਟਿਆਲਾ ਵਿੱਖੇ ਪਹੁੰਚੇ ਭਗਵੰਤ ਮਾਨ ਨੇ ਕਾਲ਼ੀ ਮਾਤਾ ਮੰਦਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮਾਤਾ ਦੇ ਮੰਦਰ ਵਿੱਚ ਬੇਅਦਬੀ ਕਰਨ ਦੀ ਘਟਨਾ ਬਹੁਤ ਮੰਦਭਾਗੀ ਹੈ। ਇਸ ਦੀ ਸਖ਼ਤ ਤੋਂ ਸਖ਼ਤ ਨਿੰਦਾ ਕਰਦੇ ਹਨ ਅਤੇ ਦੇਵੀ ਮਾਤਾ ਅੱਗੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਬੇਨਤੀ ਵੀ ਕਰਦੇ ਹਾਂ।” ਇਸ ਸਮੇਂ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਚੋਣਾ ਵੇਲੇ ਮਹੌਲ ਖ਼ਰਾਬ ਕਰਨ ਲਈ ਬੇਅਦਬੀ ਦੀਆਂ ਘਟਨਾਵਾ ਹੁੰਦੀਆਂ ਹਨ ਕਿਉਂਕਿ ਕੁੱਝ ਲੋਕ ਅਜਿਹੀਆਂ ਚਾਲਾਂ ਚੱਲ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਉਨਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕ ਅਜਿਹੀਆਂ ਫੁੱਟ ਪਾਊ ਚਾਲਾਂ ਨੂੰ ਕਾਮਯਾਬ ਨਹੀਂ ਹੋਣੇ ਦੇਣਗੇ।
ਭਗਵੰਤ ਮਾਨ ਨੇ ਦਾਅਵਾ ਕੀਤਾ, ”ਬੇਅਦਬੀਆਂ ਅਤੇ ਬੰਬ ਧਮਾਕੇ ਜਿਹੀਆਂ ਘਟਨਾਵਾਂ ਨਾਲ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਇਸ ਵਾਰ ਡਰਨਗੇ ਨਹੀਂ, ਸਗੋਂ ਇੱਕ ਨਵੀਂ ਤੇ ਵੱਡੀ ਕਹਾਣੀ ਲਿਖਣਗੇ। ਇਸ ਵਾਰ ਲੋਕ ਆਪਣੇ- ਆਪ ਨੂੰ ਵੋਟਾਂ ਪਾ ਰਹੇ ਹਨ ਅਤੇ ਪੂਰੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਸਰਕਾਰ ਬਣਨ ਤੋਂ ਬਾਅਦ ਇਸ ਤਰਾਂ ਘਟਨਾਵਾਂ ਦੇ ਮਾਸਟਰ ਮਾਇੰਡਾਂ, ਜਿਹੜੇ ਕਿਤੇ ਹੋਰ ਥਾਂਵਾਂ ‘ਤੇ ਬੈਠੇ ਹਨ ਤੱਕ ਪਹੁੰਚਾਂਗੇ ਅਤੇ ਸਜ਼ਾਵਾਂ ਦੇਵਾਂਗੇ ਤਾਂ ਜੋ ਕੋਈ ਮੁੜ ਬੇਅਦਬੀ, ਬੰਬ ਬਲਾਸਟ ਜਿਹੀਆਂ ਹਰਕਤਾਂ ਨਾ ਕਰ ਸਕੇ।”
ਇੱਕ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ। ਕਿਸੇ ਵੀ ਮਾਮਲੇ ਬਾਰੇ ਜਦੋਂ ਵੀ ਚੋਣ ਕਮਿਸ਼ਨ ‘ਆਪ’ ਨੂੰ ਸੱਦਣਗੇ ਤਾਂ ੳਸ ਨੂੰ ਹਰ ਤਰਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।