DC ਸਾਕਸ਼ੀ ਸਾਹਨੀ ਵੱਲੋਂ ਆਮ ਆਦਮੀ ਕਲੀਨਿਕ ਦਾ ਦੌਰਾ
-ਚਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜਾ
ਪਟਿਆਲਾ, 8 ਅਗਸਤ – ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਤੇ ਗੁਣਵੱਤਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਕੀਤੇ ਜਾ ਰਹੇ ਯੌਗ ਉਪਰਾਲੇ ਤਹਿਤ ਪਟਿਆਲਾ ਸ਼ਹਿਰ ਦੇ ਭਾਸ਼ਾ ਵਿਭਾਗ ਵਿੱਚ ਬਣਾਏ ਜਾ ਰਹੇ ਆਮ ਆਦਮੀ ਕਲ਼ੀਨਿਕ ਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦੋਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੋਤਮ ਜੈਨ,ਐਸ.ਡੀ.ਐਮ ਇਸ਼ਮਤ ਵਿਜੈ, ਸਿਵਲ ਸਰਜਨ ਡਾ.ਰਾਜੂ ਧੀਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਕੁਸ਼ਲਦੀਪ ਵੀ ਹਾਜਰ ਸਨ। ਆਮ ਆਦਮੀ ਕਲੀਨਿਕ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਦੇ ਹੋਏ ਉਹਨਾਂ ਅਧਿਕਾਰੀਆਂ ਨੂੰ ਇਸ ਦਾ ਨਿਰਮਾਣ ਜਲਦ ਪੂਰਾ ਕਰਨ ਲਈ ਕਿਹਾ ਤਾਂ ਜੋ 15 ਅਗਸਤ ਨੂੰ ਇਸ ਦਾ ਉਦਘਾਟਨ ਕਰਵਾ ਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਜਾ ਸਕੇ।
ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿੱਚ ਪਹਿਲੇ ਫੇਜ ਵਿੱਚ ਖੁੱਲ ਰਹੇ 3 ਆਮ ਆਦਮੀ ਕਲੀਨਿਕ ਜੋ ਕਿ ਪਟਿਆਲਾ ਸ਼ਹਿਰ ਦੇ ਭਾਸ਼ਾ ਵਿਭਾਗ, ਨੇੜੇ ਸ਼ੇਰਾ ਵਾਲਾ ਗੇਟ, ਪਿੰਡ ਝਿੱਲ ਅਤੇ ਨਾਭਾ ਦੇ ਦੁੱਲਦੀ ਗੇਟ ਵਿੱਖੇ ਬਣਾਏ ਜਾ ਰਹੇ ਹਨ, ਵਿੱਚ ਜਿੱਥੇ ਮਰੀਜਾਂ ਦੀ ਯੋਗ ਐਮ.ਬੀ.ਬੀ.ਐਸ. ਡਾਕਟਰਾਂ ਵੱਲੋਂ ਮੁਫਤ ਜਾਂਚ ਕੀਤੀ ਜਾਵੇਗੀ ਉਥੇ ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਦੇ ਨਾਲ-ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਖੁੱਲਣ ਨਾਲ ਲੋਕਾਂ ਨੂੰ ਆਮ ਬਿਮਾਰੀਆਂ ਹੋਣ ‘ਤੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਹ ਕਲੀਿਨਕ ਲੋਕਾਂ ਨੂੰ ਬਿਹਤਰ ਸਿਹਤ ਸਹੁਲਤਾਂ ਦੇਣ ਲਈ ਇੱਕ ਵਰਦਾਨ ਸਾਬਤ ਹੋਣਗੇ। ਉਹਨਾਂ ਦੱਸਿਆ ਕਿ ਬੀਤੇ ਦਿਨੀ ਮਾਨਯੋਗ ਸਿਹਤ ਮੰਤਰੀ ਪੰਜਾਬ ਸ.ਚੇਤਨ ਸਿੰਘ ਜੋੜੇਮਾਜਰਾ ਵੱਲੋਂ ਭਾਸ਼ਾ ਵਿਭਾਗ ਵਿਖੇ ਬਣ ਰਹੇ ਆਮ ਆਦਮੀ ਕਲੀਨਿਕ ਅਤੇ ਹਲਕਾ ਵਿਧਾਇਕ ਪਟਿਆਲਾ (ਦਿਹਾਤੀ) ਡਾ.ਬਲਬੀਰ ਸਿੰਘ ਵੱਲੋਂ ਪਿੰਡ ਝਿੱਲ ਵਿੱਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕਰਕੇ ਨਿਰਮਾਣ ਕਾਰਜਾ ਦਾ ਜਾਇਜਾ ਲਿਆ ਗਿਆ ਸੀ।