???? “ਲੰਪੀ ਸਕੀਨ” ਨਾਲ ਮਰ ਰਹੇ ਜਾਨਵਰ ਨੂੰ ਚੁੱਕਣ / ਸੰਭਾਲਣ ਲਈ ਡੀ.ਸੀ. ਪਟਿਆਲਾ ਨੂੰ ਦਿੱਤਾ ਮੰਗ ਪੱਤਰ
???? ਫੈਲ ਸਕਦੀ ਹੈ ਗੰਭੀਰ ਬਿਮਾਰੀ; ਜਲਦ ਕਾਰਵਾਈ ਦੀ ਲੋੜ : ਐਡੋਕੇਟ ਪ੍ਰਭਜੀਤਪਾਲ ਸਿੰਘ
ਪਟਿਆਲਾ, 11 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਸ਼ੂਆਂ ਵਿੱਚ ਫੈਲੀ ਲੰਪੀ ਸਕੀਨ ਨਾਮ ਦੀ ਮਹਾਂਮਾਰੀ ਨੇ ਪੂਰੇ ਦੇਸ਼ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ ਹੈ ਤੇ ਇਸ ਬਿਮਾਰੀ ਨਾਲ ਵੱਡੀ ਗਿਣਤੀ ਵਿੱਚ ਖਾਸ ਕਰ ਗਾਂਵਾਂ ਮਰ ਰਹੀਆਂ ਹਨ। ਇਸ ਸਬੰਧੀ ਡੀ ਸੀ ਪਟਿਆਲਾ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਸਮਾਜ ਸੇਵੀ ਅਤੇ ਕਿਸਾਨ ਆਗੂ ਐਡੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਰਾਜਵੰਤ ਸਿੰਘ ਸੰਧੂ, ਦਵਿੰਦਰਪਾਲ ਸਿੰਘ ਗੋਲਡੀ, ਗੁਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਚਹਿਲ ਤੇ ਹੋਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਸਾਂਝੀ ਕਰਦਿਆਂ ਸਮਾਜ ਸੇਵੀ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਲੰਪੀ ਸਕੀਨ ਮਹਾਂਮਾਰੀ ਕਾਰਨ ਬਿਮਾਰ ਹੋ ਕੇ ਲਗਾਤਾਰ ਮੌਤਾਂ ਹੋ ਰਹੀਆਂ ਹਨ ਜਿਸ ਨਾਲ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜੋ ਪਸ਼ੂ ਮਰ ਰਹੇ ਹਨ ਉਨ੍ਹਾਂ ਨੂੰ ਚੁੱਕਣ ਦਾ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਨਗਰ ਨਿਗਮ ਵੱਲੋਂ ਸ਼ਹਿਰਾਂ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਮਰੇ ਹੋਏ ਡੰਗਰ ਚੁੱਕਣ ਦਾ ਠੇਕਾ ਹੀ ਨਹੀਂ ਦਿੱਤਾ ਗਿਆ। ਪਸ਼ੂ ਮਾਲਕ ਪੁਰਾਣੇ ਠੇਕੇਦਾਰਾਂ ਨੂੰ ਫ਼ੋਨ ਕਰ ਰਹੇ ਹਨ ਤੇ ਉਹ ਮਰੇ ਹੋਏ ਡੰਗਰ ਚੁੱਕਣ ਦਾ 2000 ਤੋਂ 2500 ਰੁਪਏ ਮੰਗਦੇ ਹਨ। ਪਿੰਡਾਂ ਵਿੱਚ ਵੀ ਇਹੀ ਹਾਲ ਹੈ। ਪਸ਼ੂ ਮਾਲਕ ਤਾਂ ਪਹਿਲਾਂ ਹੀ ਵੱਡੇ ਘਾਟੇ ਵਿਚ ਹਨ, ਉਪਰੋਂ ਉਨ੍ਹਾਂ ਦੀ ਸਰਕਾਰ ਜਾਂ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵੱਡੀ ਲੁੱਟ ਹੋ ਰਹੀ ਹੈ। ਸੜਕਾਂ ਉਪਰ ਵੀ ਗਾਵਾਂ ਆਮ ਮਰੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਪ੍ਰਬੰਧ ਕਰੇ ਨਹੀਂ ਤਾਂ ਕੋਈ ਵੱਡੀ ਮਹਾਮਾਰੀ ਫੈਲ ਸਕਦੀ ਹੈ। ਐਡੋਕੇਟ ਪ੍ਰਭਜੀਤਪਾਲ ਸਿੰਘ ਵਲੋਂ ਸਰਕਾਰ ਨੂੰ ਅਪੀਲ ਕਰਦੇ ਹੋਏ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਕੋਈ ਹੈਲਪਲਾਈਨ ਨੰਬਰ ਜਾਰੀ ਕਰੇ ਤਾਂ ਜੋਂ ਮਹਾਂਮਾਰੀ ਕਾਰਨ ਮਰ ਚੁੱਕੀਆਂ ਗਾਵਾਂ ਦੀ ਚੁਕਾਈ ਤੇ ਸੰਭਾਲ ਲਈ ਕਦਮ ਚੁੱਕੇ ਜਾ ਸਕਣ। ਉਨ੍ਹਾਂ ਨੇ ਖ਼ਦਸ਼ਾ ਜਾਹਿਰ ਕੀਤਾ ਕਿ ਕੋਈ ਇਸ ਬਿਮਾਰੀ ਦੀ ਪਰਪੱਕ ਦਵਾਈ ਨਾ ਹੋਣ ਕਾਰਨ ਸਮੱਸਿਆ ਕਦੇ ਵੀ ਗੰਭੀਰ ਬਣ ਸਕਦੀ ਹੈ। ਇਸ ਲਈ ਸਮਾਂ ਰਹਿੰਦੇ ਇਸ ਮਹਾਂਮਾਰੀ ਸਬੰਧੀ ਤਿਆਰੀ ਕਰ ਲੈਣੀ ਚਾਹੀਦੀ ਹੈ।
Newsline Express