ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦਾ ਛਾਪਾ
ਨਵੀਂ ਦਿੱਲੀ, 19 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸ਼ੁੱਕਰਵਾਰ ਸਵੇਰੇ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਇਸ ਗੱਲ ਦੀ ਜਾਣਕਾਰੀ ਖ਼ੁਦ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਸੀ. ਬੀ. ਆਈ. ਆਈ ਹੈ, ਉਨ੍ਹਾਂ ਦਾ ਸੁਆਗਤ ਹੈ, ਅਸੀਂ ਕੱਟੜ ਈਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਬਹੁਤ ਹੀ ਮੰਦਭਾਗਾ ਹੈ ਕਿ ਸਾਡੇ ਦੇਸ਼ ‘ਚ ਜੋ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ, ਇਸ ਲਈ ਸਾਡਾ ਦੇਸ਼ ਅਜੇ ਤੱਕ ਨੰਬਰ-1 ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਅਸੀਂ ਸੀ. ਬੀ. ਆਈ. ਦਾ ਸੁਆਗਤ ਕਰਦੇ ਹਾਂ ਅਤੇ ਉਹ ਜਾਂਚ ‘ਚ ਪੂਰਾ ਸਹਿਯੋਗ ਦੇਣਗੇ ਤਾਂ ਜੋ ਸੱਚ ਜਲਦੀ ਸਾਹਮਣੇ ਆ ਸਕੇ।
ਉਨ੍ਹਾਂ ਕਿਹਾ ਕਿ ਹੁਣ ਤੱਕ ਮੇਰੇ ‘ਤੇ ਕਈ ਕੇਸ ਕੀਤੇ ਗਏ ਪਰ ਕੁੱਝ ਨਹੀਂ ਨਿਕਲਿਆ। ਇਸ ‘ਚੋਂ ਵੀ ਕੁੱਝ ਨਹੀਂ ਨਿਕਲੇਗਾ। ਦੇਸ਼ ‘ਚ ਚੰਗੀ ਸਿੱਖਿਆ ਲਈ ਮੇਰਾ ਕੰਮ ਰੋਕਿਆ ਨਹੀਂ ਜਾ ਸਕਦਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਲੋਕ ਦਿੱਲੀ ਦੀ ਸਿੱਖਿਆ ਅਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪਰੇਸ਼ਾਨ ਹਨ। ਇਸ ਲਈ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਫੜਿਆ ਹੈ ਤਾਂ ਜੋ ਸਿੱਖਿਆ, ਸਿਹਤ ਦੇ ਚੰਗੇ ਕੰਮ ਰੋਕੇ ਜਾ ਸਕਣ।