ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਕਾਲੇ ਚੋਲੇ ਪਾ ਕੇ ਪੰਜਾਬ ਭਰ ‘ਚ ਡੀ.ਸੀ ਦਫਤਰਾਂ ਬਾਹਰ ਪ੍ਰਦਰਸ਼ਨ
-ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨਾਂ ਨੇ ਡੀ.ਸੀ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ
-ਧਰਨੇ ’ਚ ਸੰਤ ਮਹਾਂਪੁਰਸ਼ਾਂ, ਸਿੱਖ ਸਭਾਵਾਂ ਅਤੇ ਸੁਸਾਇਟੀ ਅਹੁਦੇਦਾਰਾਂ ਨੇ ਕੀਤੀ ਸ਼ਮੂਲੀਅਤ
ਪਟਿਆਲਾ, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨਾਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕਰਕੇ ਡੀ.ਸੀ ਦਫਤਰ ਦੇ ਬਾਹਰ ਸਰਕਾਰਾਂ ਨੂੰ ਜਗਾਉਣ ਲਈ ਧਰਨਾ ਦਿੱਤਾ ਗਿਆ। ਧਰਨੇ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਨਿਰਮਲ ਸਿੰਘ ਹਰਿਆਊ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਜਸਮੇਰ ਸਿੰਘ ਲਾਛੜੂ ਕਾਲੇ ਚੋਲੇ ਪਾ ਕੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ, ਗੁਰਦੁਆਰਾ ਡੇਰਾ ਬਾਬਾ ਅਜਾਪਾਲ ਦੇ ਪ੍ਰਬੰਧਕ ਅਤੇ ਸਟਾਫ ਤੋਂ ਇਲਾਵਾ ਪ੍ਰਬੰਧ ਅਧੀਨ ਕਾਲਜਾਂ ਦੇ ਵਿਦਿਆਰਥੀ, ਸਟਾਫ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਕਾਲੀਆਂ ਦਸਤਾਰਾਂ ਅਤੇ ਕਾਲੇ ਰੰਗ ਦਾ ਪਹਿਰਾਵਾ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਪ੍ਰਦਰਸ਼ਨ ਵਿਚ ਉਚੇਚੇ ਤੌਰ ’ਤੇ ਸੰਤ ਮਹਾਂਪੁਰਸ਼ਾਂ ’ਚ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਤੋਂ ਇਲਾਵਾ ਸ਼ਹਿਰ ਦੀਆਂ ਸਿੱਖ ਸਭਾਵਾਂ ਅਤੇ ਸੁਸਾਇਟੀਆਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨਾਂ ਦੇ ਵਫ਼ਦ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਡੀ.ਸੀ ਪਟਿਆਲਾ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੰਦੀ ਸਿੰਘ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਹਨ ਅਤੇ ਕਾਨੂੰਨਨ ਤੌਰ ’ਤੇ ਉਨ੍ਹਾਂ ਦੀ ਰਿਹਾਈ ਜਲਦ ਹੋਣੀ ਚਾਹੀਦੀ ਹੈ, ਪ੍ਰੰਤੂ ਢੀਠ ਸਰਕਾਰਾਂ ਦੀ ਮਾੜੀ ਨੀਤ ਕਰਕੇ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਤਸ਼ੱਦਦ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗਲਤ ਨੀਤ ਤੇ ਨੀਤੀ ਖਿਲਾਫ਼ ਲਾਮਬੰਦ ਹੋਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਲਗਾਤਾਰ ਸੰਘਰਸ਼ਸੀਲ ਹੈ ਅਤੇ ਕਾਨੂੰਨੀ ਲੜਾਈ ਵੀ ਲੜ ਰਹੀ ਹੈ, ਪ੍ਰੰਤੂ ਅੱਜ ਸਰਕਾਰਾਂ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਉਣ ’ਤੇ ਲੱਗੀਆਂ ਹੋਈਆਂ ਹਨ ਅਜਿਹਾ ਰੁਝਾਨ ਸਰਕਾਰਾਂ ਨੂੰ ਮਹਿੰਗਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਨਾਲ ਸਰਕਾਰਾਂ ਦੇ ਦੋਹਰੇ ਮਾਪਦੰਡ ਸਾਹਮਣੇ ਆ ਰਹੇ ਹਨ, ਜੋ ਕਹਿਣੀ ਤੋਂ ਕਥਨੀ ’ਤੇ ਨਹੀਂ ਚੱਲਦੀਆਂ, ਜਦਕਿ ਕੇਂਦਰ ਸਰਕਾਰ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ ਅਤੇ ਬਾਅਦ ਵਿਚ ਆਪਣੇ ਹੀ ਫੈਸਲੇ ਤੋਂ ਪਲਟ ਜਾਣ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਦਾ ਸਿੱਖਾਂ ਪ੍ਰਤੀ ਰਵੱਈਆ ਪੱਖਪਾਤੀ ਹੈ। ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾਂਦੇ ਤਾਂ ਸਾਰਿਆਂ ਨੂੰ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਲਿਆਂ ਦੀ ਰਿਹਾਈ ਨੂੰ ਲੈ ਕੇ ਤਿੱਖਾ ਸੰਘਰਸ਼ ਉਲੀਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਪ੍ਰੰਤੂ ਅੱਜ ਦੇਸ਼ ਦੀਆਂ ਸਰਕਾਰਾਂ ਹੀ ਸਿੱਖਾਂ ਦੇ ਸੰਘਰਸ਼ ਅਤੇ ਘੋਲ ਦੀ ਅਣਦੇਖੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ’ਤੇ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਰਾਜੀਵ ਗਾਂਧੀ ਤੇ ਬਿਲਾਕਸ ਬਾਨੋ ਵਰਗੇ ਮਾਮਲੇ ਵਿਚ ਰਿਹਾਈ ਹੋ ਸਕਦੀ ਹੈ ਤਾਂ ਬੰਦੀ ਸਿੰਘਾਂ ’ਤੇ ਪੱਖਪਾਤੀ ਰਵੱਈਆ ਕਿਉਂ ਅਪਣਾਇਆ ਜਾ ਰਿਹਾ ਹੈ।