ਮੋਦੀ ਦੇ ਜਨਮਦਿਨ ਮੌਕੇ ਨਾਮੀਬੀਆ ਤੋ ਭਾਰਤ ਲਿਆਉਦੇ ਜਾ ਰਹੇ 8 ਚੀਤੇ
ਜੈਪੁਰ, 16 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਵਿੱਚ ਕਈ ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਚੀਤਿਆਂ ਦੀ ਵਾਪਸੀ ਹੋ ਰਹੀ ਹੈ। ਤਕਰੀਬਨ 7 ਦਹਾਕਿਆਂ ਬਾਅਦ ਭਾਰਤ ਵਿੱਚ ਦੋਬਾਰਾ ਚੀਤੇ ਵਿਖਾਈ ਦੇਣਗੇ। ਨਾਮੀਬੀਆ ਨਾਲ ਹੋਏ ਸਮਝੌਤੇ ਕਾਰਨ 17 ਸਤੰਬਰ ਨੂੰ 8 ਚੀਤਿਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਇਸ ਦਿਨ ਪੀਐੱਮ ਮੋਦੀ ਦਾ ਜਨਮ ਦਿਨ ਵੀ ਹੈ। ਹੁਣ ਚੀਤਿਆਂ ਦੀ ਭਾਰਤ ਵਾਪਸੀ ਨੂੰ ਪੀਐੱਮ ਮੋਦੀ ਦਾ ਜਨਮ ਦਿਨ ਦਾ ਤੋਹਫ਼ਾ ਦੱਸਿਆ ਜਾ ਰਿਹਾ ਹੈ।
ਇਸ ਦਿਨ ਸਾਰੇ ਚੀਤਿਆਂ ਨੂੰ ਪੀਐੱਮ ਮੋਦੀ ਦੀ ਮੌਜੂਦਗੀ ਵਿੱਚ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਛੱਡਿਆ ਜਾਵੇਗਾ। ਹੁਣ ਇਨ੍ਹਾਂ ਚੀਤਿਆਂ ਨੂੰ ਲਿਆਉਣ ਲਈ ਭਾਰਤ ਦਾ ਵਿਸ਼ੇਸ਼ ਜਹਾਜ਼ ਨਾਮੀਬੀਆ ਪਹੁੰਚ ਗਿਆ ਹੈ।
ਭਾਰਤ ਤੋਂ ਨਾਮੀਬੀਆ ਜਾਣ ਵਾਲੇ ਇਸ ਜਹਾਜ਼ ਨੂੰ ਖ਼ਾਸ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਜਹਾਜ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ‘ਤੇ ਚੀਤੇ ਦਾ ਮੂੰਹ ਛਾਪਿਆ ਗਿਆ ਹੈ, ਜੋ ਦੇਖਣ ‘ਚ ਬਹੁਤ ਆਕਰਸ਼ਕ ਲੱਗਦਾ ਹੈ। ਇਸ ਜਹਾਜ਼ ਤੋਂ ਅੱਠ ਚੀਤਿਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਕਿਉਂਕਿ ਦੇਸ਼ ਨੂੰ 70 ਸਾਲਾਂ ਬਾਅਦ ਚੀਤਾ ਮਿਲ ਰਿਹਾ ਹੈ, ਇਸ ਨੂੰ ਇੱਕ ਇਵੈਂਟ ਵਜੋਂ ਦੇਖਿਆ ਜਾ ਰਿਹਾ ਹੈ।
16 ਸਤੰਬਰ ਨੂੰ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਤੋਂ ਚੀਤਿਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। 8 ਚੀਤਿਆਂ ਵਿੱਚ 5 ਮਾਦਾ ਅਤੇ 3 ਨਰ ਚੀਤੇ ਹਨ। ਸੂਤਰਾਂ ਮੁਤਾਬਕ 17 ਸਤੰਬਰ ਦੀ ਸਵੇਰ ਇਹ 8 ਚੀਤੇ ਜੈਪੁਰ ‘ਚ ਉਤਰਨਗੇ ਅਤੇ ਉਥੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਆਂਦਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਾਸਾਹਾਰੀ ਜਾਨਵਰ ਨੂੰ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਲਿਆਂਦਾ ਜਾ ਰਿਹਾ ਹੈ। 2020 ਵਿੱਚ, ਸੁਪਰੀਮ ਕੋਰਟ ਨੇ ਨਾਮੀਬੀਆ ਤੋਂ ਚੀਤਾ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਸੀ। ਫਿਲਹਾਲ ਸਰਕਾਰ ਨੇ ਇਸ ਪੂਰੇ ਪ੍ਰੋਜੈਕਟ ਲਈ 91 ਕਰੋੜ ਰੁਪਏ ਦਾ ਬਜਟ ਰੱਖਿਆ ਹੈ।