???? ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਸਮਾਗਮ ਉਲੀਕੇ : ਚੇਅਰਮੈਨ ਜਗਜੀਤ ਸਿੰਘ ਸੱਗੂ
ਪਟਿਆਲਾ, 16 ਸਤੰਬਰ – ਸੁਰਜੀਤ ਗਰੋਵਰ, ਰਾਕੇਸ਼ / ਨਿਊਜ਼ਲਾਈਨ ਐਕਸਪ੍ਰੈਸ – ਸਭ ਜਾਣਦੇ ਹਨ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਘਰ ਰੁਕਦੇ ਸਨ ਅਤੇ ਪ੍ਰਸ਼ਾਦੇ ਛੱਕਦੇ ਸਨ। ਪ੍ਰੰਤੂ, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਸਹੀ ਦਿਸ਼ਾ ਤੋਂ ਭਟਕ ਚੁੱਕੀ ਲੱਗਦੀ ਹੈ ਕਿਉਂਕਿ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਲੰਡਰ ਵਿੱਚ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਦਰਜ਼ ਤੱਕ ਨਹੀਂ ਕੀਤਾ, ਜੋਕਿ ਬੇਹੱਦ ਅਹਿਮ ਤੇ ਜ਼ਰੂਰੀ ਹੈ ਤਾਂਕਿ ਹਰ ਸਾਲ ਇਹ ਦਿਹਾੜਾ ਮਨਾਉਣਾ ਸਬ ਲਈ ਯਕੀਨੀ ਹੋ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕਿਹਾ ਕਿ ਅਸੀਂ ਸਮੇਂ ਸਮੇਂ ਦੇ ਵੱਖ ਵੱਖ ਪ੍ਰਧਾਨਾਂ ਨੂੰ ਵਾਰ ਵਾਰ ਬੇਨਤੀਆਂ ਕੀਤੀਆਂ ਪਰ ਕੋਈ ਵੀ ਪ੍ਰਧਾਨ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ। ਉਹਨਾਂ ਕਿਹਾ “ਮਈ ਮਹੀਨੇ ਵਿੱਚ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਅਤੇ ਸਤੰਬਰ ਮਹੀਨੇ ਵਿੱਚ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਹਰ ਸਾਲ ਰਾਮਗੜ੍ਹੀਆ ਭਾਈਚਾਰੇ ਵਲੋਂ ਬੇਨਤੀਆਂ ਕਰਨੀਆਂ ਪੈਂਦੀਆਂ ਹਨ”। ਆਪਣੇ ਨਿਵਾਸ ਉਤੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਅਤੇ ਹੋਰ ਪਤਰਕਾਰਾਂ ਨਾਲ ਇਸ ਮੁੱਖ ਮੁੱਦੇ ਉਤੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਸੱਗੂ ਨੇ ਪੁਰਜ਼ੋਰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦੀ ਹੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਤਿਆਰ ਕਰਕੇ ਪ੍ਰਿੰਟ ਮੀਡੀਆ/ ਸੋਸ਼ਲ ਮੀਡੀਆ ਰਾਹੀਂ ਸਿੱਖ ਸੰਗਤਾਂ ਨੂੰ ਆਉਣ ਤੇ ਇਹ ਦਿਹਾੜਾ ਮਨਾਉਣ ਲਈ ਸੱਦਾ ਭੇਜਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਜਨਮ ਦਿਹਾੜੇ ਮੌਕੇ ਇਕੱਤਰ ਹੋ ਸਕਣ।
Newsline Express