newslineexpres

Home Chandigarh ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ

ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ

by Newslineexpres@1

ਪੰਜਾਬ ਪੁਲਿਸ ਵੱਲੋਂ ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਸੂਬਾ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਗ੍ਰਿਫਤਾਰ ਗੈਂਗਸਟਰ ਕਤਲ ਅਤੇ ਲੁੱਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸੀ ਲੋੜੀਂਦਾ: ਡੀਜੀਪੀ ਪੰਜਾਬ

ਚੰਡੀਗੜ੍ਹ, 28 ਸਤੰਬਰ: ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਗੈਂਗ ਦੇ ਇੱਕ ਕਾਰਕੁਨ ਨੂੰ ਬਿਹਾਰ ਤੋਂ ਕਤਲ, ਕਤਲ ਦੀ ਕੋਸ਼ਿਸ਼, ਹਮਲਾ ਕਰਨ ਅਤੇ ਲੁੱਟ-ਖੋਹ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਅੰਮ੍ਰਿਤਸਰ ਦੇ ਕਰਨ ਮਲਿਕ ਉਰਫ ਕਰਨ ਮਾਨ ਵਜੋਂ ਹੋਈ ਹੈ, ਜੋ ਕਿ ਐਸ.ਆਈ. ਦੀ ਕਾਰ ਹੇਠਾਂ ਆਈ.ਈ.ਡੀ. ਲਗਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸਾਥੀ ਯੁਵਰਾਜ ਸਭਰਵਾਲ ਉਰਫ ਯਸ਼ ਦਾ ਕਰੀਬੀ ਦੱਸਿਆ ਜਾਂਦਾ ਹੈ। ਕਰਨ ਮਲਿਕ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਕਰਨ ਮਲਿਕ ਦੇ ਬਿਹਾਰ ਦੇ ਜ਼ਿਲ੍ਹਾ ਜਮੁਈ ਵਿੱਚ ਕਿਸੇ ਥਾਂ ਪਨਾਹ ਲੈਣ ਦੀ ਸੂਚਨਾ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਨੇ ਕੇਂਦਰੀ ਏਜੰਸੀਆਂ ਅਤੇ ਬਿਹਾਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਤਲਾਸ਼ੀ ਸ਼ੁਰੂ ਕੀਤੀ ਅਤੇ ਬਿਹਾਰ ਦੇ ਜ਼ਿਲ੍ਹਾ ਜਮੁਈ ਦੇ ਪਿੰਡ ਦਰੀਮਾ ਵਿਖੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲ ਰਹੀ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੁਲਾਈ 2021 ਵਿੱਚ ਇੱਕ ਲੜਾਈ ਦੌਰਾਨ ਕਰਨ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਇੰਡੀਅਨ ਪੀਨਲ ਕੋਡ (ਆਈ.ਪੀ.ਸੀ.) ਦੀ ਧਾਰਾ 302, 148 ਅਤੇ 149 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਪੁਲਿਸ ਸਟੇਸ਼ਨ ਬੀ-ਡਵੀਜ਼ਨ ਅੰਮ੍ਰਿਤਸਰ ਸਿਟੀ ਵਿਖੇ ਐਫ.ਆਈ.ਆਰ. ਨੰਬਰ 184 ਮਿਤੀ 18.07.21 ਦਰਜ ਹੈ। ਇਸ ਤੋਂ ਇਲਾਵਾ ਮੁਲਜ਼ਮ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਸਤ 2021 ਵਿਚ ਅੰਮ੍ਰਿਤਸਰ ਦੀ ਫੇਅਰਲੈਂਡ ਕਲੋਨੀ ਵਿਖੇ ਲਾਲ ਚੰਦ ਜਵੈਲਰਜ਼ ਤੋਂ 530 ਗ੍ਰਾਮ ਸੋਨਾ, 6 ਕਿਲੋ ਚਾਂਦੀ ਅਤੇ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ, ਜਿਸ ਸਬੰਧੀ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਨੰਬਰ 149/2021 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕਰਨ ਮਲਿਕ ਨੇ ਸਾਹਿਲ ਨਾਮੀ ਹਥਿਆਰਾਂ ਦੇ ਤਸਕਰ ਕੋਲੋਂ 40,000 ਰੁਪਏ ਪ੍ਰਤੀ ਹਥਿਆਰ ਦੇ ਹਿਸਾਬ .32 ਬੋਰ ਦੇ ਹਥਿਆਰ ਖਰੀਦੇ ਸਨ। ਜ਼ਿਕਰਯੋਗ ਹੈ ਕਿ ਸਾਹਿਲ ਸਮੇਤ ਉਸ ਦੇ ਸਾਥੀ ਹਿੰਮਤ ਵਾਸੀ ਅੰਮ੍ਰਿਤਸਰ ਨੂੰ ਕੁਝ ਦਿਨ ਪਹਿਲਾਂ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਹਥਿਆਰ ਬਰਾਮਦ ਹੋਏ ਸਨ। ਦੱਸਣਯੋਗ ਹੈ ਕਿ ਪੁਲਿਸ ਕਰਨ ਮਲਿਕ ਦੇ ਛੋਟੇ ਭਰਾ ਅਰਜੁਨ ਮਲਿਕ ਉਰਫ ਅਰਜੁਨ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ, ਜੋ ਕਿ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੈ। ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

Related Articles

Leave a Comment