???? ਪਟਿਆਲਾ ‘ਚ ਵੰਡੇ ਮੁਫ਼ਤ ਹੈਲਮੇਟ
???? ਹੈਲਮੇਟ ਪਾਉਣਾ ਮਜ਼ਬੂਰੀ ਨਹੀਂ, ਆਪਣੇ ਸਿਰ ਦੀ ਸੁਰੱਖਿਆ ਹੈ : ਸਰਲਾ ਭਟਨਾਗਰ
ਪਟਿਆਲਾ, 13 ਸਤੰਬਰ – ਸੁਨੀਤਾ ਵਰਮਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੋ ਪਹੀਆ ਵਾਹਨ ਚਲਾਉਣ ਵਾਲੇ ਹਰ ਵਿਅਕਤੀ ਦੀ ਸੁਰੱਖਿਆ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫ਼ਤ ਹੈਲਮੇਟ ਵੰਡੇ ਗਏ।ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸੜਕਾਂ ਉੱਤੇ ਹੋ ਰਹੀਆਂ ਦੁਰਘਟਨਾਵਾਂ ਦੌਰਾਨ ਸਿਰ ਦੀਆਂ ਸੱਟਾਂ ਅਤੇ ਲੋਕਾਂ ਦੀਆਂ ਜਾਨਾਂ ਤੋਂ ਬਚਾਉਣ ਲਈ ਵਧੀਆ ਕਿਸਮ ਦੇ ਹੈਲਮੇਟ ਵੰਡੇ ਗਏ।

ਵੀਰ ਹਕੀਕਤ ਰਾਏ ਸਕੂਲ ਵਿੱਚ ਆਯੋਜਿਤ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਵੀਰ ਹਕੀਕਤ ਰਾਏ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਦੇ ਦੋ ਸਕੂਲਾਂ ਦੇ, ਦੋ ਪਹੀਆ ਵਾਹਨ ਚਲਾਉਣ ਵਾਲੇ ਵਿਦਿਅਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਫ਼ਤ ਹੈਲਮੇਟ ਵੰਡੇ ਗਏ।
ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਉਪਰਾਲੇ ਲਈ ਪੰਜਾਬ ਪੁਲਿਸ ਦੇ ਰਿਟਾਇਰਡ ਸਮਾਜ ਸੇਵਕ ਗੁਰਜਾਪ ਸਿੰਘ ਅਤੇ ਸਮਾਜ ਸੇਵਕ ਕਾਕਾ ਰਾਮ ਵਰਮਾ ਦੀ ਭਰਪੂਰ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਆਈਸੀਆਈਸੀਆਈ ਲੰਬਾਰਡ ਬੈਂਕ ਦੇ ਸਹਿਯੋਗ ਨਾਲ ਬਹੁਤ ਵਧੀਆ ਕਿਸਮ ਦੇ ਹੈਲਮੇਟ ਦੇ ਕੇ ਪ੍ਰਸ਼ੰਸਾਯੋਗ ਉਪਰਾਲਾ ਕੀਤਾ।

ਸ੍ਰੀ ਗੁਰਜਾਪ ਸਿੰਘ ਤੇ ਕਾਕਾ ਰਾਮ ਵਰਮਾ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 1200 ਹੈਲਮੇਟ ਦੇਣੇ ਹਨ। ਅੱਜ ਦੇ ਪ੍ਰੋਗਰਾਮ ਵਿਖੇ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਤੀਸ਼ ਗੋਇਲ ਦੀ ਹਾਜ਼ਰੀ ਵਿੱਚ ਹੈਲਮੇਟ ਪ੍ਰਦਾਨ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦੇ ਹੋਏ ਸਾਬਕਾ ਪੁਲਿਸ ਅਫਸਰ ਸ੍ਰੀ ਗੁਰਜਾਪ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਸਕੂਲਾਂ ਦੇ ਪੰਜਵੀਂ ਤੋਂ ਅਠਵੀਂ ਜਮਾਤ ਦੇ ਬੱਚਿਆਂ, ਜਿਨ੍ਹਾਂ ਦੇ ਮਾਤਾ ਜਾਂ ਪਿਤਾ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈਣ ਆਉਂਦੇ ਹਨ ਅਤੇ ਉਨ੍ਹਾਂ ਕੋਲ ਡਰਾਈਵਿੰਗ ਲਾਇਸੰਸ, ਪ੍ਰਦੂਸ਼ਣ ਸਰਟੀਫਿਕੇਟ, ਬੀਮਾ ਆਦਿ ਪੂਰੇ ਕਾਗਜ਼ਾਤ ਹਨ, ਉਨ੍ਹਾਂ ਨੂੰ ਹੀ ਹੈਲਮੇਟ ਦਿੱਤੇ ਗਏ ਹਨ।
ਇਸ ਦੌਰਾਨ ਦੋ ਪਹੀਆ ਵਾਹਨਾਂ ਉਤੇ ਸਵਾਰ ਹੋ ਕੇ ਅਤੇ ਹੈਲਮੇਟ ਪਾ ਕੇ ਮਾਪਿਆਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਵਾਹਨ ਰੈਲੀ ਕੱਢੀ। ਸਮਾਜ ਸੇਵਕ ਕਾਕਾ ਰਾਮ ਵਰਮਾ ਤੇ ਗੁਰਜਾਪ ਸਿੰਘ ਵੱਲੋਂ ਤਿਆਰ ਇਸ ਰੈਲੀ ਨੂੰ ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਪ੍ਰਿੰਸੀਪਲ ਸਤੀਸ਼ ਗੋਇਲ ਨੇ ਹਰੀ ਝੰਡੀ ਦੇ ਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਘਰਾਂ ਵੱਲ ਸੁਰੱਖਿਅਤ ਪਹੁੰਚਣ ਲਈ ਰਵਾਨਾ ਕੀਤਾ। ਇਸ ਮੌਕੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਪੱਤਰਕਾਰ ਅਸ਼ੋਕ ਵਰਮਾ, ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੂਲ ਦੀ ਐਸੋਸੀਏਟਿਡ ਐਨਸੀਸੀ ਅਫਸਰ ਸਚਨਾ ਸ਼ਰਮਾ ਵੀ ਮੋਜੂਦ ਸਨ।
ਇਸ ਦੌਰਾਨ ਦੋਵੇਂ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਹਨ।
