ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਤੇ ਬੈਠੇ ਸਰਕਾਰੀ ਕਰਮਚਾਰੀ
15 ਅਕਤੂਬਰ ਤੱਕ ਦਫਤਰਾਂ ਵਿਚ ਰਹੇਗਾ ਕੰਮ-ਕਾਜ ਠੱਪ
ਪਟਿਆਲਾ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਮਿਤੀ 10 ਅਕਤੂਬਰ ਤੋਂ 15 ਅਕਤੂਬਰ 2022 ਤੱਕ ਦਿੱਤੇ ਗਏ ਕੰਪਿਉਟਰ ਬੰਦ, ਕਲਮ ਛੋੜ ਹੜਤਾਲ ਦੇ ਸੱਦੇ ਤੇ ਅੱਜ ਪਹਿਲੇ ਦਿਨ ਅੱਜ ਸਮੂਹ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਵੱਲੋਂ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਅਤੇ ਸਰਕਾਰ ਵਿਰੁੱਧ ਨਾਅਰੇ ਬਾਜੀ ਕੀਤੀ। ਵੱਡੀ ਗਿਣਤੀ ਵਿਚ ਕਰਮਚਾਰੀਆਂ ਵੱਲੋਂ ਸਮੂਲੀਅਤ ਕਰਦਿਆਂ ਆਪਣੇ ਹੱਕਾਂ ਦੀ ਪੂਰਤੀ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੀ.ਐਸ.ਐਮ.ਐਸ.ਯੂ. ਦੇ ਸੱਦੇ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮਿਨੀਸਟ੍ਰੀਅਲ ਸਟਾਫ਼ ਐਸੋਸੀਏਸ਼ਨ ਹਲਕਾ ਪਟਿਆਲਾ ਦੀ ਅਗਵਾਈ ਵਿੱਚ ਸਮੂਹ ਕਰਮਚਾਰੀਆਂ ਵੱਲੋਂ ਦਫਤਰੀ ਕੰਮਕਾਜ ਬੰਦ ਰੱਖ ਕੇ ਹੜਤਾਲ ਨੂੰ ਸਮਰਥਨ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਹੜਤਾਲ ਕਰਨ ਦਾ ਮੰਤਵ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਕਰਵਾੳਣਾ ਹੈ ਭਾਵੇਂ ਉਹ ਸਭ ਤੋਂ ਅਹਿਮ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ, ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਿਲੀਜ਼ ਕਰਵਾਉਣਾ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਜਾਇਜ ਮੰਗਾਂ ਨੂੰ ਜਲਦ ਬਹਾਲ ਕੀਤਾ ਜਾਵੇ। ਇਨ੍ਹਾਂ ਉਕਤ ਸਾਰੀਆਂ ਮੰਗਾਂ ਤੇ ਪੰਜਾਬ ਸਰਕਾਰ ਵਲੋਂ ਚੁੱਪ ਧਾਰੀ ਹੋਈ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਛੇ ਮਹੀਨੇ ਪੂਰੇ ਹੋ ਗਏ ਹਨ ਪਰ ਸਰਕਾਰ ਵੱਲੋਂ ਮੁਲਾਜਮਾਂ ਦੀ ਕੋਈ ਸਾਰ ਨਹੀਂ ਲਈ। ਮੁਲਾਜਮਾਂ ਵੱਲੋਂ ਵੀ ਸਰਕਾਰ ਨੂੰ ਪੂਰੇ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਪਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਐਲਾਨ ਤਾਂ ਕੀ ਕਰਨਾ ਸਰਕਾਰ ਵੱਲੋਂ ਮੁਲਾਜਮ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ ਜਾ ਰਿਹਾ। ਇਸ ਮਾੜੇ ਵਤੀਰੇ ਦੇ ਮੱਦੇਨਜਰ ਮੁਲਾਜਮਾਂ ਵੱਲੋਂ ਹੜਤਾਲ ਦਾ ਰੁਖ ਕੀਤਾ ਗਿਆ ਹੈ। ਮੁਲਾਜਮਾਂ ਵੱਲੋਂ 15 ਅਕਤੂਬਰ 2022 ਤੱਕ ਕੰਪਿਊਟਰ ਬੰਦ, ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਦੇ ਵਿਭਾਗਾਂ ਦੇ ਸਮੂਹ ਕਲੈਰੀਕਲ ਕਾਮਿਆਂ ਵੱਲੋਂ ਪੂਰਨ ਤੌਰ ਤੇ ਕੰਮ-ਕਾਜ ਬੰਦ ਰੱਖਿਆ ਜਾਵੇਗਾ।