???? ਦਰਜਾ ਚਾਰ ਮੁਲਾਜ਼ਮ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ੇ ਦਾ ਕਰ ਰਹੇ ਨੇ ਇੰਤਜ਼ਾਰ …
???? ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਅਕਤੂਬਰ ਮਹੀਨੇ ਵਿੱਚ ਤਨਖਾਹ ਅਤੇ ਪੈਨਸ਼ਨ ਦੀਵਾਲੀ ਤੋਂ ਪਹਿਲਾਂ ਦੇਣ ਦੀ ਕੀਤੀ ਮੰਗ
???? ਕਲਾਸ ਫੋਰ ਗੌ:ਇੰਪ: ਯੂਨੀਅਨ ਚਟਾਨ ਦੀ ਤਰ੍ਹਾਂ ਮਜਬੂਤ, ਦੋਫਾੜ ਦੀਆਂ ਖਬਰਾਂ ਬੇ-ਬੁਨਿਆਦ : ਲੁਬਾਣਾ, ਰਾਣਵਾਂ, ਸੁਰਤਾਪੁਰੀ
???? ਤੈਅ ਪ੍ਰੋਗਰਾਮਾਂ ਮੁਤਾਬਕ ਰੋਸ ਪ੍ਰਦਰਸ਼ਨ, ਧਰਨੇ, ਅਰਥੀ ਫ਼ੂਕ ਮੁਜ਼ਾਹਰੇ ਅਤੇ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ
ਸੰਗਰੂਰ, 19 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਹਰ ਸਾਲ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ਾ ਦਿੱਤਾ ਜਾਂਦਾ ਹੈ। ਇਸ ਵਾਰ ਵੀ ਪੰਜਾਬ ਸਰਕਾਰ ਨੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵਧੀ ਹੋਈ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਤਿਉਹਾਰੀ ਕਰਜ਼ਾ 20000 ਰੁਪਏ ਦੇਣ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਭਾਵੇਂ ਇਹ ਮੰਗ ਮੁਕੰਮਲ ਰੂਪ ਵਿੱਚ ਪੂਰੀ ਤਾਂ ਨਹੀਂ ਕੀਤੀ ਪਰ 11 ਅਕਤੂਬਰ ਨੂੰ ਪੱਤਰ ਜਾਰੀ ਕਰਕੇ 10000 ਰੁਪਏ ਤਿਉਹਾਰੀ ਕਰਜ਼ਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਇਹ ਰਕਮ 21 ਅਕਤੂਬਰ ਤੱਕ ਕਢਵਾਈ ਜਾ ਸਕੇਗੀ, ਪਰ ਪਿਛਲੇ ਦਿਨਾਂ ਤੋਂ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਕਲਮ ਛੋਡ਼ ਹਡ਼ਤਾਲ ਕਾਰਨ ਜਿੱਥੇ ਸਮੁੱਚਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ, ਉਥੇ ਹੀ ਇਸ ਦੇ ਨਾਲ ਦਫ਼ਤਰੀ ਅਮਲੇ ਦੇ ਕੰਮਕਾਜ ਵਿੱਚ ਸਹਿਯੋਗੀ ਦਰਜਾ ਚਾਰ ਕਰਮਚਾਰੀ ਵੀ ਇਸ ਕਲਮਛੋਡ਼ ਹਡ਼ਤਾਲ ਦਾ ਖਮਿਆਜ਼ਾ ਭੁਗਤ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਤਿਉਹਾਰੀ ਕਰਜ਼ਾ ਦੀਵਾਲੀ ਤੋਂ ਪਹਿਲਾਂ ਮਿਲਣ ਦੀ ਆਸ ਮੱਧਮ ਹੋਈ ਜਾਪ ਰਹੀ ਹੈ। ਇਸ ਸਬੰਧ ਵਿਚ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਮੁੱਖ ਆਗੂਆਂ ਦੀ ਮੀਟ ਐਪ ‘ਤੇ ਹੋਈ ਹੰਗਾਮੀ ਮੀਟਿੰਗ ਉਪਰੰਤ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਪ੍ਰਧਾਨ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਘੀ, ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਵੇਦ ਪ੍ਰਕਾਸ਼ ਜਲੰਧਰ, ਜਨਰਲ ਸਕੱਤਰ ਬਲਜਿੰਦਰ ਸਿੰਘ, ਵਿੱਤ ਸਕੱਤਰ ਚੰਦਨ ਸਿੰਘ, ਜੋਨਲ ਸਕੱਤਰ ਜਗਮੋਹਣ ਨੌਂਲੱਖਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਕਲਮ ਛੋਡ਼ ਹਡ਼ਤਾਲ ਤੋਂ ਅੱਖਾਂ ਮੀਚ ਕੇ ਪਾਸਾ ਵੱਟਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਸਾਂਝੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਸਮੂਹ ਸੰਘਰਸ਼ਸ਼ੀਲ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ, ਕੇਂਦਰੀ ਪੈਟਰਨ ਅਨੁਸਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਅਨੁਸਾਰ 38 ਫ਼ੀਸਦੀ ਡੀ.ਏ. ਦੀਵਾਲੀ ਤੋਂ ਪਹਿਲਾਂ ਨਕਦ ਦਿੱਤਾ ਜਾਵੇ। ਸੁਖਦੇਵ ਸਿੰਘ ਸੁਰਤਾਪੁਰੀ ਅਤੇ ਰਣਜੀਤ ਸਿੰਘ ਰਾਣਵਾਂ ਨੇ ਇੱਕ ਅਖਬਾਰ ਵਿੱਚ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੋ ਧੜਿਆਂ ‘ਚ ਵੰਡੀ ਦੇ ਹੈਡਿੰਗ ਨਾਲ ਛਪੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਜਥੇਬੰਦੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ‘ਚ ਚਟਾਨ ਦੀ ਤਰ੍ਹਾਂ ਮਜਬੂਤ ਹੈ।ਜਥੇਬੰਦੀ ਵੱਲੋਂ 15 ਅਕਤੂਬਰ ਨੂੰ ਲੁਧਿਆਣਾ ਮੀਟਿੰਗ ਵਿੱਚ ਕੀਤੇ ਫੈਸਲਿਆਂ ਮੁਤਾਬਕ 21 ਅਕਤੂਬਰ ਤੱਕ ਫੈਡਰੇਸ਼ਨ ਵੱਲੋਂ ਐਲਾਨ ਕੀਤੇ ਅਰਥੀ ਫੂਕ ਰੋਸ ਪ੍ਰਦਰਸ਼ਨ ਅਤੇ 3 ਨਵੰਬਰ ਨੂੰ ਸਿੰਚਾਈ ਦਫਤਰਾਂ ਅੱਗੇ ਪ੍ਰਿੰਸੀਪਲ ਸਕੱਤਰ ਸਿੰਚਾਈ ਵਿਭਾਗ ਦੀਆਂ ਅਰਥੀਆਂ ਫੂਕਣ ਉਪਰੰਤ 16-17 ਨਵੰਬਰ ਨੂੰ ਮਾਨ ਸਰਕਾਰ ਦੀਆਂ ਵਾਅਦੇ ਖਿਲਾਫੀਆਂ ਵਿਰੁੱਧ 24 ਘੰਟੇ ਦੀਆਂ ਭੁੱਖ ਹੜਤਾਲਾਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਆਗੂਆਂ ਇਹ ਮੰਗ ਵੀ ਕੀਤੀ ਹੈ ਕਿ ਪਿਛਲੀਆਂ ਪ੍ਰੰਪਰਾਵਾਂ ਅਨੁਸਾਰ ਅਕਤੂਬਰ ਮਹੀਨੇ ਦੀ ਤਨਖ਼ਾਹ ਅਤੇ ਪੈਨਸ਼ਨ ਦੀਵਾਲੀ ਅਤੇ ਤੋਂ ਪਹਿਲਾਂ ਦਿੱਤੀ ਜਾਵੇ ।
Newsline Express