ਅੰਮ੍ਰਿਤਸਰ ਵਿਚ ਅੱਜ ਹੋਣਗੇ ਬੰਬ ਧਮਾਕੇ ਤੇ ਚੱਲਣਗੀਆਂ ਗੋਲੀਆਂ
- ਡਰਨਾ ਨਹੀਂ ਕਿਉਂਕਿ ਇਹ ਪੁਲਿਸ ਦੇ ਅਭਿਆਸ ਦਾ ਹਿੱਸਾ ਹੈ : ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਨਵੰਬਰ – ਮਹਾਨਗਰ ਅੰਮ੍ਰਿਤਸਰ ਵਿਚ ਵੀਰਵਾਰ ਯਾਨਿ ਅੱਜ ਮੋਕ ਡਰਿੱਲ ਦੀ ਸ਼ੁਰੂਆਤ ਹੋਵੇਗੀ, ਜੋ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ, ਪੂਰੀ ਪੁਲਿਸ ਫੋਰਸ ਅਤੇ ਐਨਐਸਜੀ ਦੀ ਰਹਿਨੁਮਾਈ ਹੇਠ ਹੋਵੇਗੀ। ਬੁੱਧਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਬਿਲਕੁਲ ਵੀ ਜਲਦਬਾਜੀ ਨਾ ਕਰਨ ਅਤੇ ਜਿਵੇਂ-ਜਿਵੇਂ ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਹੋਣ ਉਹਨਾਂ ਦੇ ਅਨੁਸਾਰ ਹੀ ਚੱਲਣ। ਇਸਦੇ ਨਾਲ ਹੀ ਉਹਨਾਂ ਨੇ ਮੀਡੀਆ ਰਾਹੀਂ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਇਹ ਅਪੀਲ ਕੀਤੀ ਕਿ ਜਿਸ ਵੀ ਇਲਾਕੇ ਵਿਚ ਮੋਕ ਡਰਿੱਲ ਕੀਤੀ ਜਾਵੇ ਉਸਦੇ ਨੇੜੇ ਨਾ ਹੋ ਕੇ ਦੇਖਣ। ਇਸ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਵੀਰਵਰ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ ਸਵੇਰ ਤੱਕ ਖਤਮ ਹੋਵੇਗੀ।
ਕੀ ਹੈ ਮਾਮਲਾ
ਕੀ ਹੈ ਪੂਰਾ ਮਾਮਲਾ ? ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਨੈਸ਼ਨਲ ਸਕਿਉਰਿਟੀ ਗਾਰਡ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਕਿਸੇ ਵੀ ਵੱਡੇ ਹਮਲੇ ਨਾਲ ਨਜਿੱਠਣ ਦੀ ਤਿਆਰੀ ਲਈ ਜੰਗੀ ਅਭਿਆਸ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਹੈਂਡ ਗਰਨੇਡ ਅਤੇ ਹੋਰ ਬੰਬ ਧਮਾਕਿਆਂ ਦੀ ਆਵਾਜ਼ ਅਤੇ ਪ੍ਰਭਾਵ ਦੀ ਵਰਤੋਂ ਅਭਿਆਸ ਲਈ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਅਤੇ ਨੈਸ਼ਨਲ ਸਕਿਊਰਿਟੀ ਗਾਰਡ ਦੇ ਜਵਾਨਾਂ ਵਲੋਂ ਅਗਨੀ ਸ਼ਸਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੁਲਿਸ ਨੂੰ ਹਾਈਟੈਕ ਬਣਾਉਣ ਲਈ ਅਜਿਹੇ ਅਭਿਆਸਾਂ ਦੀ ਸਖ਼ਤ ਲੋੜ ਹੁੰਦੀ ਹੈ ਅਤੇ ਸਾਨੂੰ ਨੈਸ਼ਨਲ ਸਕਿਉਰਿਟੀ ਗਾਰਡ ਦੇ ਇਸ ਕੰਮ ਲਈ ਚੁਣਿਆ ਗਿਆ ਹੈ, ਜੋ ਕਿ ਚੰਗੀ ਗੱਲ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਆਵਾਜਾਈ ਵੀ ਰੋਕੀ ਜਾਵੇਗੀ। ਅਤੇ ਇਹ ਅਭਿਆਸ ਕੱਲ੍ਹ ਦੁਪਹਿਰ ਤੋਂ ਪਰਸੋਂ 4 ਨਵੰਬਰ ਤੱਕ ਚੱਲਣਗੇ।
ਕਿਸੇ ਵੀ ਤਰਾਂ ਦੀ ਅਵਾਜ ਅਤੇ ਧਮਾਕੇ ਤੋਂ ਨਾ ਡਰਨ ਸ਼ਹਿਰਵਾਸੀ – ਡਿਪਟੀ ਕਮਿਸ਼ਨਰ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਹਰਪ੍ਰੀਤ ਸਿੰਘ ਸੂਦਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਆਵਾਜਾਂ ਤੋਂ ਡਰਨ ਨਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਕਿਉਂਕਿ ਇਹ ਕੇਵਲ ਪੁਲਿਸ ਦੇ ਅਭਿਆਸ ਲਈ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੋਈ ਵੀ ਵਿਅਕਤੀ ਸਵੈ ਰੱਖਿਆ ਲਈ ਆਪਣੇ ਲਾਇਸੰਸੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਇਸ ਮਹੱਤਵਪੂਰਨ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਜ਼ਰੂਰੀ ਸੇਵਾਵਾਂ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਸ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ।