ਸਾਬਕਾ ਕਾਂਗਰਸੀ MLA ਵਿਰੁੱਧ LOOK OUT ਨੋਟਿਸ ਜਾਰੀ
ਰਾਜਪੁਰਾ ਦੇ ਪੱਤਰਕਾਰ ਵੱਲੋਂ ਖੁਦਕੁਸ਼ੀ ਦਾ ਮਾਮਲਾ
ਪਟਿਆਲਾ, 6 ਦਸੰਬਰ : ਨਿਊਜ਼ਲਾਈਨ ਐਕਸਪ੍ਰੈਸ – ਰਾਜਪੁਰਾ ਦੇ ਪੱਤਰਕਾਰ ਵੱਲੋਂ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਨ੍ਹਾਂ ਦੇ ਲੜਕੇ ਦੀ ਜਮਾਨਤ ਅਰਜ਼ੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਐਡੀਸ਼ਨਲ ਸੈਸ਼ਨ ਜੱਜ ਮੁਨੀਸ਼ ਅਰੋੜਾ ਨੇ ਜ਼ਮਾਨਤ ਦੀ ਅਰਜ਼ੀ ਕੀਤੀ ਹੈ। ਇਸਦੀ ਪੁਸ਼ਟੀ ਪੀੜਤ ਪਰਿਵਾਰ ਦੇ ਵਕੀਲ ਐਚਪੀਐੱਸ ਵਰਮਾ ਨੇ ਕੀਤੀ ਹੈ। ਪਟਿਆਲਾ ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਸਾਬਕਾ ਵਿਧਾਇਕ ਤੇ ਹੋਰਨਾਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਪਟਿਆਲਾ ਦੇ ਹਲਕਾ ਰਾਜਪੁਰਾ ਵਿਖੇ ਇਕ ਮਹੀਨਾ ਪਹਿਲਾਂ ਇਕ ਨਿੱਜੀ ਵੈਬ ਚੈਨਲ ਦੇ ਪੱਤਰਕਾਰ ਨੇ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਕੰਬੋਜ ਤੇ ਉਸ ਦੇ ਕੁਝ ਸਾਥੀਆਂ ਤੇ ਜ਼ਬਰਨ ਉਸ ਦੀ ਪ੍ਰਾਪਰਟੀ ਉੱਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਪੱਤਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਹੱਡ ਬੀਤੀ ਸੁਣਾਉੱਦਿਆਂ ਹਰਦਿਆਲ ਕੰਬੋਜ ਤੇ ਉਸ ਦੇ ਪੁੱਤਰ ਤੇ ਕੁਝ ਹੋਰ ਸਾਥੀਆਂ ਵੱਲੋਂ ਧੱਕੇਸ਼ਾਹੀ ਨਾਲ ਉਸ ਦੇ ਇਕ ਢਾਬੇ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਉਂਦਿਆਂ ਆਤਮ-ਹੱਤਿਆ ਕਰਨ ਦੀ ਦੀ ਗੱਲ ਕੀਤੀ ਗਈ ਸੀ। ਉਸ ਤੋਂ ਅਗਲੇ ਹੀ ਦਿਨ ਪਾਰਕ ਵਿੱਚ ਇਸ ਪੱਤਰਕਾਰ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਸੀ। ਮ੍ਰਿਤਕ ਪੱਤਰਕਾਰ ਰਮੇਸ਼ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਹਰਦਿਆਲ ਕੰਬੋਜ ਤੇ ਉਸ ਦੇ ਪੁੱਤਰ ਦੇ ਕੁਝ ਹੋਰ ਸਾਥੀਆਂ ਉੱਤੇ ਐੱਫਆਈਆਰ ਦਰਜ ਕੀਤੀ ਗਈ ਸੀ।