???? ਵੇਰਕਾ ਨੂੰ ਬਦਨਾਮ ਕਰਨ ਵਾਲੇ ਤਲਾਣੀਆਂ ਵਾਸੀ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ: ਨਰਿੰਦਰ ਸ਼ੇਰਗਿੱਲ
???? ਵੇਰਕਾ ਕਿਸਾਨਾਂ ਨਾਲ ਜੁੜਿਆ ਸਹਿਕਾਰੀ ਅਦਾਰਾ ਸਦਾ ਹੀ ਖਪਤਕਾਰਾਂ ਨੂੰ ਮਿਆਰੀ ਦੁੱਧ ਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ
ਵਾਇਰਲ ਵੀਡੀਓ ਵਿੱਚ ਦਰਸਾਏ ਦੁੱਧ ਦਾ ਵੇਰਕਾ ਮਿਲਕ ਪਲਾਂਟ ਨਾਲ ਕੋਈ ਸਬੰਧ ਨਹੀਂ ਹੈ: ਸ਼ੇਰਗਿੱਲ
ਪਟਿਆਲਾ, 29 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਵੇਰਕਾ ਨੂੰ ਸੋਸ਼ਲ ਮੀਡੀਆ ਉਤੇ ਬਦਨਾਮ ਕਰਨ ਵਾਲੇ ਤਲਾਣੀਆ ਵਾਸੀ ਬਿੱਲੂ ਨਾਮ ਦੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਕਰਦਿਆਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਵਿੱਚ ਸੰਗਤ ਲਈ ਦੁੱਧ ਲਿਆਉਣ ਦੇ ਨਾਮ ਉਤੇ ਬਿੱਲੂ ਪੁੱਤਰ ਭਗਵਾਨ ਸਿੰਘ ਅਤੇ ਉਸਦੇ ਸਾਥੀਆਂ ਹੰਸ ਰਾਜ ਪੁੱਤਰ ਕਦਾ ਰਾਮ, ਰਾਜ ਕੁਮਾਰ ਉਰਫ ਆਸਮ ਅਤੇ ਓਂਕਾਰ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ।
ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਸ ਵਾਇਰਲ ਵੀਡੀਓ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਤੇ ਪੂਰੇ ਮਾਮਲੇ ਦੀ ਵੇਰਕਾ ਵੱਲੋਂ ਜਾਂਚ ਕਰਵਾਈ ਗਈ ਤਾਂ ਇਹ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਵਿੱਚ ਦਰਸਾਏ ਗਏ ਦੁੱਧ ਦਾ ਵੇਰਕਾ ਮਿਲਕ ਪਲਾਂਟ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੇਰਕਾ ਨੂੰ ਬਦਨਾਮ ਕਰਨ ਵਾਲੇ ਖ਼ਿਲਾਫ਼ ਤਾਂ ਕਾਰਵਾਈ ਕੀਤੀ ਜਾਵੇਗੀ ਹੀ ਸਗੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਪਿੱਛੇ ਕੋਈ ਹੋਰ ਵਿਅਕਤੀ ਜਾਂ ਵੇਰਕਾ ਦੇ ਮੁਕਾਬਲੇ ਵਾਲੀ ਕੋਈ ਦੂਜੀ ਧਿਰ ਤਾਂ ਸ਼ਾਮਲ ਨਹੀਂ ਹੈ।
ਨਰਿੰਦਰ ਸ਼ੇਰਗਿੱਲ ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੇ ਨੇ ਵੇਰਕਾ ਵਿਰੁੱਧ ਗ਼ਲਤ ਬਿਆਨ ਦੇ ਕੇ ਜਾਅਲੀ ਦੁੱਧ ਤਿਆਰ ਕਰਨ ਦੇ ਦੋਸ਼ ਲਗਾਏ ਹਨ ਅਤੇ ਨਾਲ ਹੀ ਵੇਰਕਾ ਮਿਲਕ ਪਲਾਂਟ, ਪਟਿਆਲਾ ਤੇ ਮੋਹਾਲੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਗਿਆ, ਕਿਉਂਕਿ ਬਿੱਲੂ ਪੁੱਤਰ ਭਗਵਾਨ ਸਿੰਘ ਇਸ ਤੋਂ ਪਹਿਲ੍ਹਾ ਮਿਲਕ ਪਲਾਂਟ, ਮੋਹਾਲੀ ਨਾਲ ਜੁੜੀ ਸਭਾ ਦਾ ਸਕੱਤਰ ਸੀ, ਜਿਸ ਨੂੰ ਕਿਸੇ ਵਿਤੀ ਮਸਲੇ ਕਰਕੇ ਵੇਰਕਾ ਮੋਹਾਲੀ ਡੇਅਰੀ ਵੱਲੋਂ ਸਾਲ 2018 ਵਿੱਚ ਇਸ ਕੋਲੋਂ ਦੁੱਧ ਲੈਣਾ ਬੰਦ ਕਰ ਦਿੱਤਾ ਗਿਆ ਸੀ, ਇਸ ਲਈ ਇਸ ਵੱਲੋਂ ਇਹ ਵੀਡੀਓ ਵੇਰਕਾ ਮਿਲਕ ਪਲਾਂਟ, ਦਾ ਅਕਸ਼ ਖਰਾਬ ਕਰਨ ਲਈ ਵਾਇਰਲ ਕੀਤੀ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਵੱਲੋਂ ਪੁਲਿਸ ਕੋਲ ਵੀ ਸਿਕਾਇਤ ਕੀਤੀ ਗਈ ਹੈ।
ਚੇਅਰਮੈਨ ਮਿਲਕਫੈਡ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਉਪਭੋਗਤਾਵਾਂ ਨੂੰ ਕੁਆਲਟੀ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਦਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਮੌਜੂਦ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਚੇਅਰਮੈਨ ਹਰਭਜਨ ਸਿੰਘ ਅਤੇ ਜਨਰਲ ਮੈਨੈਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਤਲਾਣੀਆ ਦੁੱਧ ਉਤਪਾਦਕ ਸਭਾ ਜੋ ਕਿ ਵੇਰਕਾ ਮਿਲਕ ਪਲਾਂਟ, ਪਟਿਆਲਾ ਨਾਲ ਜੁੜੀ ਹੋਈ ਹੈ, ਵੱਲੋਂ ਦੁੱਧ ਉਤਪਾਕਾਂ ਕੋਲੋਂ ਪਿੰਡ ਦੇ 20 ਦੁੱਧ ਉਤਪਾਦਕਾ ਦਾ ਦੁੱਧ ਅੰਦਾਜਨ 210 ਲੀਟਰ ਦੁੱਧ ਦੋਵੇਂ ਟਾਈਮ ਦਾ ਇੱਕਠਾ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਹੀ 3 ਫਾਰਮਾਂ ਦਾ ਦੁੱਧ ਜੋ ਕਿ ਤਕਰੀਬਨ 600 ਲੀਟਰ ਬਣਦਾ ਹੈ, ਲਿਆ ਜਾਂਦਾ ਹੈ ਅਤੇ ਇਹ ਦੁੱਧ ਮੰਗਤ ਸਿੰਘ, ਸਕੱਤਰ ਵੱਲੋਂ ਚੈਕ ਕਰਨ ਉਪਰੰਤ ਹੀ ਲਿਆ ਜਾਂਦਾ ਹੈ ਅਤੇ ਦੁੱਧ ਦੀ ਗੁਣਵੱਤਤਾਂ ਨੂੰ ਕਾਇਮ ਰੱਖਣ ਲਈ ਸਭਾ ਵਿਖੇ 1000 ਲੀਟਰ ਸਮਰੱਥਾ ਦਾ ਚਿੱਲਰ ਲਗਾਇਆ ਹੋਇਆ ਹੈ। ਮਿਤੀ 27 ਦਸੰਬਰ ਸ਼ਾਮ ਨੂੰ ਸੁਰਜੀਤ ਕੁਮਾਰ, ਸਾਬਕਾ ਐਮ਼ਸੀ਼ ਨੇ 125 ਲੀਟਰ ਦੁੱਧ ਲੰਗਰ ਵਾਸਤੇ ਦੇਣ ਲਈ ਕਿਹਾ ਜਿਸ ਕਾਰਨ 75 ਲੀਟਰ ਦੁੱਧ ਨੈਣਾ ਦੇਵੀ ਮੰਦਿਰ ਵਿਖੇ ਅਤੇ 50 ਲੀਟਰ ਦੁੱਧ ਰਾਜ ਕੁਮਾਰ ਉਰਫ ਆਸਮ ਪੁੱਤਰ ਕਰਮ ਚੰਦ ਨੂੰ ਸੌਂਪਿਆ ਗਿਆ, ਰਾਜ ਕੁਮਾਰ ਉਰਫ ਆਸਮ ਨੇ ਦੁੱਧ ਦਾ ਲੰਗਰ ਲਗਾਉਣ ਲਈ ਹੋਰ ਵੀ ਕਈ ਥਾਵਾਂ ਤੋਂ ਦੁੱਧ ਲਿਆ ਗਿਆ ਸੀ। ਪਰੰਤੂ ਮਿਤੀ 28 ਦਸੰਬਰ ਨੂੰ ਸਵੇਰੇ ਬਿਲੂ ਪੁੱਤਰ ਭਗਵਾਨ ਸਿੰਘ ਗ਼ਲਤ ਮਨਸ਼ਾ ਨਾਲ ਇਹ ਵੀਡੀਓ ਵਾਇਰਲ ਕਰ ਦਿੱਤੀ ਜੋਕਿ ਬਿਲਕੁਲ ਝੂਠੀ ਅਤੇ ਬੇਬੁਨਿਆਦ ਹੈ, ਇਸ ਲਈ ਇਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Newsline Express