???? ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਵਾਹਨ ਚਲਾਉਣ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੀਤਾ ਪ੍ਰੇਰਿਤ
???? ਸਾਲ 2022 ਵਿੱਚ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਨੂੰ ਕੀਤੇ 90 ਲੱਖ 48 ਹਜ਼ਾਰ 600 ਰੁਪਏ ਦੇ ਜੁਰਮਾਨੇ
ਪਟਿਆਲਾ, 14 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ ਜਿਲ੍ਹੇ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਪਬਲਿਕ ਨੂੰ ਟ੍ਰੈਫਿਕ ਸਬੰਧੀ ਆਉਣ ਵਾਲੀਆਂ ਦਿੱਕਤਾਂ ਤੋਂ ਬਚਾਉਣ ਲਈ ਪਿਛਲੇ ਇਕ ਸਾਲ ਦੌਰਾਨ ਬੜੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਈ ਗਈ। ਇਸ ਸੰਬੰਧੀ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਸ਼੍ਰੀ ਵਰੂਣ ਸ਼ਰਮਾ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਨੇ ਦੱਸਿਆ ਹੈ ਕਿ ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟਣ ਤੋਂ ਲੈ ਕੇ ਪਬਲਿਕ ਨੂੰ ਜਾਗਰੂਕ ਕਰਨ ਤੱਕ ਲਈ ਅਤੇ ਐਕਸੀਡੈਂਟਾਂ ਤੋਂ ਬਚਾਉਣ ਲਈ ਜਾਗਰੂਕਤਾ ਸੈਮੀਨਾਰ ਵੀ ਲਗਾਏ ਗਏ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਟ੍ਰੈਫ਼ਿਕ ਵਿੰਗ ਵੱਲੋਂ ਮਿਤੀ 1 ਜਨਵਰੀ 2022 ਤੋਂ 31 ਦਸੰਬਰ 2022 ਦੇ ਅਰਸੇ ਦੌਰਾਨ ਪਬਲਿਕ ਨੂੰ ਟ੍ਰੈਫ਼ਿਕ ਸਬੰਧੀ ਜਾਗਰੂਕ ਰੱਖਣ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਵੱਖ-ਵੱਖ ਸਕੂਲਾਂ, ਕਾਲਜਾਂ, ਪੀਆਰਟੀਸੀ ਵਰਕਸ਼ਾਪਾਂ ਅਤੇ ਹੋਰ ਕਈ ਥਾਵਾਂ ‘ਤੇ ਕੁੱਲ 581 ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ ਪਬਲਿਕ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਹੈਲਮੇਟ ਅਤੇ ਸੀਟ ਬੈਲਟ ਪਹਿਨਣ ਲਈ ਜਾਗਰੂਕ ਕੀਤਾ। ਇਸ ਦੇ ਨਾਲ ਹੀ ਜਿਲ੍ਹੇ ਵਿੱਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ, ਤੇਜ਼ ਰਫ਼ਤਾਰੀ, ਹੈਲਮੇਟ ਅਤੇ ਸੀਟ ਬੈਲਟ ਨਾ ਪਹਿਨਣ ਵਾਲੇ ਵਿਅਕਤੀਆਂ ਦੇ ਕੁਲ 17,115 ਚਲਾਨ ਕੱਟੇ ਗਏ, ਜਿਨ੍ਹਾਂ ਦਾ ਕੁੱਲ ਜੁਰਮਾਨਾ 90,48,600 ਰੁਪਏ ਕੀਤਾ ਗਿਆ। ਨਿਊਜ਼ਲਾਈਨ ਐਕਸਪ੍ਰੈਸ ਨੂੰ ਪ੍ਰਾਪਤ ਖ਼ਬਰ ਮੁਤਾਬਕ ਇਨ੍ਹਾਂ ਵਿਚੋਂ 16512 ਚਲਾਨ ਮਾਣਯੋਗ ਅਦਾਲਤ ਅਤੇ ਆਰ.ਟੀ.ਓ ਦੇ ਦੁਆਰਾ ਕਰਵਾਏ ਗਏ ਜਿਨ੍ਹਾਂ ਦੇ ਜੁਰਮਾਨੇ ਦੀ ਰਾਸ਼ੀ 85,20,600 ਰੁਪਏ ਹੈ, ਇਸ ਤੋਂ ਇਲਾਵਾ ਮੌਕੇ ਤੇ ਭੁਗਤਾਨ ਵਾਲੇ ਨਗਦ ਚਲਾਨ 603 ਕੀਤੇ ਗਏ ਜਿਨ੍ਹਾਂ ਦੇ ਜੁਰਮਾਨੇ ਦੀ ਰਾਸ਼ੀ 5,28,000 ਹੈ।
ਐਸਐਸਪੀ ਵਰੁਣ ਸ਼ਰਮਾ ਨੇ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦੁਨੀਆਂ ਲਈ ਤੁਸੀਂ ਭਾਵੇਂ ਕੁਝ ਵੀ ਹੋਵੋ, ਪਰ ਤੁਹਾਡੇ ਪਰਿਵਾਰ ਲਈ ਤੁਸੀਂ ਹੀ ਦੁਨੀਆ ਹੋ, ਕਿਰਪਾ ਕਰਕੇ ਵਾਹਨ ਚਲਾਉਂਦੇ ਸਮੇਂ ਸਤਰਕ ਰਹੋ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ, ਤੇਜ਼ ਰਫ਼ਤਾਰ ਜਾਂ ਸ਼ਰਾਬ ਪੀ ਕੇ ਵਾਹਨ ਨਾ ਚਲਾਓ, ਦੋ ਪਹਿਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨੋ ਅਤੇ ਚਾਰ ਪਹਿਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਪਹਿਨ ਕੇ ਰੱਖੋ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਦੁਰਘਟਨਾ ਹੋ ਸਕਦੀ ਹੈ ਅਤੇ ਦੁਰਘਟਨਾ ਦਾ ਸ਼ਿਕਾਰ ਤੁਸੀਂ ਇਕੱਲੇ ਨਹੀਂ ਹੁੰਦੇ ਸਗੋਂ ਸਾਹਮਣੇ ਵਾਲਾ ਵੀ ਹੁੰਦਾ ਹੈ, ਇਸ ਕਰਕੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ, ਇਹ ਨਿਯਮ ਸਭ ਦੀ ਸੁਰੱਖਿਆ ਲਈ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਹਰ ਸਮੇਂ ਹਾਜ਼ਰ ਹੈ।
Newsline Express