ਨਜਾਇਜ਼ ਖਣਨ ਖਿਲਾਫ ਵੱਡੀ ਕਾਰਵਾਈ; ਰੂਪਨਗਰ ਜ਼ਿਲੇ ਵਿੱਚ 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਜ਼ਬਤ : ਮੀਤ ਹੇਅਰ
ਚੰਡੀਗੜ੍ਹ, 12 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਵਾਜਬ ਕੀਮਤਾਂ ਉਤੇ ਲੋੜੀਂਦਾ ਰੇਤਾ ਮੁਹੱਈਆ ਕਰਵਾਉਣਾ ਅਤੇ ਗੈਰ ਕਾਨੂੰਨੀ ਖਣਨ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਖਣਨ ਵਿਭਾਗ ਵੱਲੋਂ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਰੂਪਨਗਰ ਜ਼ਿਲੇ ਦੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਸਵਾ ਨਦੀ ਵਿੱਚੋਂ 4 ਪੋਕਲੇਨ ਮਸ਼ੀਨਾਂ ਅਤੇ 5 ਟਿੱਪਰ ਜ਼ਬਤ ਕੀਤੇ ਗਏ ਹਨ। ਅੱਜ ਇਥੇ ਜਾਣਕਾਰੀ ਦਿੰਦਿਆਂ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਖਣਨ ਵਿਭਾਗ ਅਤੇ ਪੁਲਿਸ ਵਿਭਾਗ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਵਾ ਨਦੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਖਣਨ ਕਰ ਰਹੀਆਂ 4 ਪੋਕਲੇਨ ਮਸ਼ੀਨਾਂ ਅਤੇ 5 ਟਿੱਪਰ ਜ਼ਬਤ ਕੀਤੇ ਗਏ।
ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਮਾਫੀਏ ਦੇ ਖਿਲਾਫ ਹੈ ਅਤੇ ਗੈਰ ਕਾਨੂੰਨੀ ਕਾਰਵਾਈਆਂ ਨੂੰ ਕਤਈ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿੱਥੇ ਆਮ ਲੋਕਾਂ ਨੂੰ 32 ਜਨਤਕ ਖੱਡਾਂ ਤੋਂ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਮੁਹੱਈਆ ਕਰਵਾਇਆ ਗਿਆ ਹੈ ਉਥੇ ਗੈਰ ਕਾਨੂੰਨੀ ਖਣਨ ਵਾਲਿਆਂ ਖਿਲਾਫ ਸਿਕੰਜਾ ਕਸਿਆ ਜਾ ਰਿਹਾ ਹੈ।