ਮੁੱਖ ਮੰਤਰੀ ਗਹਿਲੋਤ ਅਤੇ ਸਾਬਕਾ ਸੀਐਮ ਵਸੁੰਧਰਾ ਰਾਜੇ ਕੋਰੋਨਾ ਦੀ ਲਪੇਟ ‘ਚ
ਜੈਪੁਰ, 4 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਰੋਜ਼ਾਨਾ ਹੀ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇਸ ਸਮੇਂ ਦੀ ਵੱਡੀ ਖਬਰ ਆਈ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕੋਰੋਨਾ ਪਾਜ਼ੀਟਿਵ ਵੀ ਗਏ ਹਨ। ਇਸ ਦੇ ਨਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ।
ਅੱਜ ਮੁੱਖ ਮੰਤਰੀ ਗਹਿਲੋਤ ਅਤੇ ਸਾਬਕਾ ਸੀਐਮ ਵਸੁੰਧਰਾ ਰਾਜੇ ਨੇ ਟਵੀਟ ਕਰਕੇ ਆਪਣੇ ਕੋਵਿਡ ਸਕਾਰਾਤਮਕ ਹੋਣ ਦੀ ਜਾਣਕਾਰੀ ਦਿੱਤੀ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ-‘ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਭਰ ਵਿੱਚ ਕੋਵਿਡ ਦੇ ਮਾਮਲੇ ਵੱਧੇ ਹਨ। ਮੈਂ ਖੁਦ ਹਲਕੇ ਲੱਛਣਾਂ ਨਾਲ ਕੋਵਿਡ ਸੰਕਰਮਿਤ ਹੋਇਆ ਹਾਂ। ਡਾਕਟਰਾਂ ਦੀ ਸਲਾਹ ਅਨੁਸਾਰ ਮੈਂ ਅਗਲੇ ਕੁਝ ਦਿਨਾਂ ਤੱਕ ਆਪਣੀ ਰਿਹਾਇਸ਼ ਤੋਂ ਕੰਮ ਕਰਨਾ ਜਾਰੀ ਰੱਖਾਂਗਾ। ਤੁਸੀਂ ਸਾਰੇ ਧਿਆਨ ਰੱਖੋ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੋ’। ਦੱਸ ਦਈਏ ਪਿਛਲੇ ਸਾਲ ਵੀ ਉਹ ਜਨਵਰੀ ਮਹੀਨੇ ਵਿੱਚ ਕੋਰੋਨਾ ਦੀ ਲਪੇਟ ਵਿੱਚ ਆ ਗਏ ਸੀ।
ਉੱਧਰ ਸਾਬਕਾ ਸੀਐਮ ਵਸੁੰਧਰਾ ਰਾਜੇ ਨੇ ਟਵੀਟ ਕਰਕੇ ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਕੋਰੋਨਾ ਦੀ ਜਾਂਚ ‘ਚ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ ‘ਤੇ ਮੈਂ ਪੂਰੀ ਤਰ੍ਹਾਂ ਆਈਸੋਲੇਸ਼ਨ ‘ਚ ਹਾਂ। ਜਿਹੜੇ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣੀ ਜਾਂਚ ਕਰਵਾਓ ਅਤੇ ਸਾਵਧਾਨੀਆਂ ਵਰਤੋ’।