
???? 23 ਨੰਬਰ ਫਾਟਕ ਵਿਖੇ ਜਲਦੀ ਬਣੇਗਾ ਅੰਡਰਪਾਸ : ਅਜੀਤਪਾਲ ਕੋਹਲੀ
???? ਵਿਧਾਇਕ ਕੋਹਲੀ, ਡਿਪਟੀ ਕਮਿਸਨਰ, ਨਿਗਮ ਅਧਿਕਾਰੀ ਸਮੇਤ ਰੇਲਵੇ ਅਧਿਕਾਰੀਆਂ ਨੇ ਲਿਆ ਜਾਇਜਾ
ਪਟਿਆਲਾ, 22 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਸ਼ਹਿਰ ਦੇ ਬਹੁਗਿਣਤੀ ਵਾਸੀਆਂ ਨੂੰ ਵੱਡੀ ਖੁਸਖਬਰੀ ਮਿਲਣ ਜਾ ਰਹੀ ਹੈ। ਸਹਿਰ ਦੇ ਕੁਝ ਬੰਦ ਰੇਲਵੇ ਫਾਟਕ ਤੇ ਖੜ ਕੇ ਟਰੇਨ ਦੀ ਉਡੀਕ ਕਰਨ ਦਾ ਝੰਜਟ ਸਮਾਪਤ ਹੋ ਰਿਹਾ ਹੈ। ਹੁਣ ਸ਼ਹਿਰ ਦੇ ਰੇਲਵੇ ਫਾਟਕ ਨਬੰਰ 23 ਨੂੰ ਅੰਡਰਪਾਸ ਮਿਲ ਰਿਹਾ ਹੈ ਜਿਸ ਦਾ ਕੰਮ ਜਲਦੀ ਸੁਰੂ ਹੋਵੇਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਬੱਸ ਅੱਡੇ ਨਜਦੀਕ ਰੇਲਵੇ ਸਟੇਸ਼ਨ ਦੇ ਬਾਹਰ ਵਾਲੇ ਫਾਟਕ ਵਿਖੇ ਅੰਡਰਪਾਸ ਦਾ ਕੰਮ ਜਾਰੀ ਹੈ। ਪਟਿਆਲਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਰੇਲਵੇ ਫਾਟਕ ਨੰਬਰ 23 ਵਿਖੇ ਬਣਨ ਜਾ ਰਹੇ ਅੰਡਰ ਪਾਸ ਦਾ ਜਾਇਜਾ ਲੈਣ ਲਈ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਿਪਟੀ ਕਮਿਸਨਰ ਸਾਕਸੀ ਸਾਹਨੀ, ਏਡੀਸੀ ਗੁਰਪ੍ਰੀਤ ਸਿੰਘ ਥਿੰਦ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਪਾਵਰਕਾਮ ਦੇ ਅਧਿਕਾਰੀ, ਰੇਲਵੇ ਤੋਂ ਸੱਤਿਆਬੀਰ ਸਿੰਘ ਸੈਕਸ਼ਨ ਇੰਜੀਨੀਅਰ, ਜਗਮੋਹਨ ਚੌਹਾਨ, ਮੁਖਤਿਆਰ ਗਿੱਲ, ਬੋਬੀ ਤੇ ਹਰਨੇਕ ਭੱਟੀ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਰੇਲਵੇ ਫਾਟਕ ਨੰਬਰ 23 ਨੂੰ ਮਾਡਲ ਟਾਉਨ, ਬਡੂੰਗਰ, ਪ੍ਰਤਾਪ ਨਗਰ, ਹੀਰਾ ਨਗਰ, ਅਜੀਤ ਨਗਰ ਸਮੇਤ ਬਹੁਗਿਣਤੀ ਇਲਾਕੇ ਲੱਗਦੇ ਹਨ। ਇਨ੍ਹਾਂ ਲੋਕਾਂ ਨੂੰ ਫਾਟਕ ਬੰਦ ਹੋਣ ਕਾਰਨ ਕਾਫੀ ਦੇਰ ਤੱਕ ਟਰੇਨ ਦੀ ਉਡੀਕ ਕਰਨੀ ਪੈਂਦੀ ਹੈ। ਇਸ ਲਈ ਮੁਸ਼ਕਿਲ ਦਾ ਹੱਲ ਕਰਨ ਵਾਸਤੇ ਅੰਡਰ ਪਾਸ ਬਣਾਉਣ ਜਾ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਹ ਅੰਡਰਪਾਸ 7 ਮੀਟਰ ਚੌੜਾ ਹੈ, ਜੋ ਕਿ 4 ਸੜਕਾਂ ਵੱਲ ਖੁੱਲ੍ਹੇਗਾ। ਇਸਦੀ ਲੰਬਾਈ ਕਰੀਬ 105 ਮੀਟਰ ਹੋਏਗੀ। ਇਸ ਦੀ ਉਚਾਈ 3.5 ਮੀਟਰ ਰਹੇਗੀ। ਇਸ ਲਈ ਜੋ ਵਾਹਨ ਇਸ ਤੋਂ ਉੱਚਾ ਹੋਵੇਗਾ, ਉਹ 22 ਨੰਬਰ ਫਲਾਈਓਵਰ ਤੋਂ ਹੀ ਲਿਆਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਇਸ ਅੰਡਰਪਾਸ ਦਾ ਇਕ ਰਸਤਾ ਮਾਡਲ ਟਾਊਨ ਵੱਲ, ਇਕ ਰਸਤਾ ਮਾਡਲ ਟਾਊਨ ਰਿਹਾਇਸ ਵੱਲ, ਇਕ ਰਸਤਾ ਪ੍ਰਤਾਪ ਨਗਰ ਵੱਲ ਅਤੇ ਇਕ ਰਸਤਾ ਬਡੂੰਗਰ 22 ਨੰਬਰ ਫਾਟਕ ਵੱਲ ਨੂੰ ਖੁੱਲ੍ਹੇਗਾ ਤਾਂ ਕਿ ਕਿਸੇ ਪਾਸੇ ਤੋਂ ਵੀ ਆਉਣ ਵਾਲੇ ਲੋਕਾਂ ਨੂੰ ਕੋਈ ਮੁਸਕਿਲ ਨਾ ਆਵੇ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇਗਾ। ਇਸ ਅੰਡਰਪਾਸ ਅੰਦਰ ਬਾਰਿਸ ਦਾ ਪਾਣੀ ਨਾ ਖੜ੍ਹੇ, ਇਸ ਤੋਂ ਬਚਾਅ ਲਈ ਉਪਰ ਸ਼ੈੱਡ ਪਾਇਆ ਜਾਵੇਗਾ, ਜਦਕਿ ਸੜਕ ਤੋਂ ਅੰਡਰ ਵੜਨ ਸਮੇਂ 2 ਫੁੱਟ ਉਚੇ ਰੈਂਪ ਬਣਾਏ ਜਾਣਗੇ ਤਾਂ ਕਿ ਸੜਕ ਦਾ ਪਾਣੀ ਅੰਦਰ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਨੰਬਰ 23 ਇਕ ਅਜਿਹਾ ਇਲਾਕਾ ਹੈ, ਜਿਥੇ ਰੇਲਵੇ ਲਾਇਨ ਦੇ ਦੋਵਾਂ ਪਾਸੇ ਰਹਿਣ ਵਾਲੇ ਲੋਕਾਂ ਨੂੰ ਇਕ ਦਿਨ ਵਿਚ ਅਣਗਿਣਤ ਵਾਰ ਫਾਟਕ ਪਾਰ ਕਰਨਾ ਪੈਂਦਾ ਹੈ, ਕਈ ਵਾਰ ਤਾਂ ਫਾਟਕ ਬੰਦ ਹੋਣ ਕਰਕੇ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ। ਇਸ ਕਰਕੇ ਇਥੋਂ ਦੇ ਵਾਸੀਆਂ ਦੀ ਸਹੂਲਤ ਲਈ ਇਹ ਅੰਡਰਪਾਸ ਬਣਾਇਆ ਜਾ ਰਿਹਾ ਹੈ। ਇਸ ਅੰਡਰਪਾਸ ਦੇ ਬਣਨ ਦੀ ਮਿਆਦ ਸੁਰੂ ਹੋਣ ਤੋਂ ਲੈ ਕੇ 6 ਮਹੀਨੇ ਹੈ। ਉਨ੍ਹਾਂ ਦੱਸਿਆ ਕਿ ਅੰਡਰ ਪਾਸ ਬਣ ਕੇ ਵੀ ਮਾਡਲ ਟਾਉਨ ਸਾਇਡ 23 ਫੁੱਟ ਚੌੜੀ ਸੜਕ ਅਤੇ ਪ੍ਰਤਾਪ ਨਗਰ ਤੋਂ 22 ਨੰਬਰ ਫਾਟਕ ਵੱਲ ਆਉਣ ਲਈ 26 ਫੁੱਟ ਚੋੜੀ ਸੜਕ ਬਣਾਈ ਜਾਵੇਗੀ ਤਾਂ ਕਿ ਅੰਡਰਪਾਸ ਤੋਂ ਬਿਨਾ ਵੀ ਆਵਾਜਾਈ ਪ੍ਰਭਾਵਿਤ ਨਾ ਹੋਵੇ। Newsline Express
