????ਡਿਪਟੀ ਕਮਿਸ਼ਨਰ ਵੱਲੋਂ ‘ਪੈਦਲ ਚੱਲਣ ਦੇ ਅਧਿਕਾਰ ਦੀ ਨੀਤੀ’ ਦਾ ਜਾਇਜ਼ਾ
ਪਟਿਆਲਾ, 20 ਜੂਨ: ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਸ਼ਹਿਰ ਅੰਦਰ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਹਨ, ਇਸ ਤਹਿਤ ਰਾਜਪੁਰਾ ਰੋਡ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਵੀਆਂ ਲਈ ਸਮਰਪਿਤ ਕੀਤੇ ਨਵੇਂ ਬੱਸ ਅੱਡੇ ਨੇੜੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਸਰਹਿੰਦ ਬਾਈਪਾਸ ਵੱਲ ਸਲਿਪ ਰੋਡ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ।
ਪਟਿਆਲਾ, ਜ਼ਿਲ੍ਹਾ ਜੋਕਿ ‘ਪੈਦਲ ਚੱਲਣ ਵਾਲਿਆਂ ਦੇ ਅਧਿਕਾਰ’ (ਰਾਈਟ ਟੂ ਵਾਕ) ਦੀ ਨੀਤੀ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ ਸੀ, ਇਸ ਨੀਤੀ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਸੜਕਾਂ ਉਤੇ ਬਣੇ ਫੁੱਟਪਾਥਾਂ ‘ਤੇ ਹੋਏ ਨਾਜਾਇਜ਼ ਕਬਜ਼ੇ ਤੁਰੰਤ ਛੁਡਵਾਏ ਜਾਣ। ਉਨ੍ਹਾਂ ਨੇ ਇਸ ਨੀਤੀ ਬਾਰੇ ਸਬੰਧਤ ਵਿਭਾਗਾਂ ਨੂੰ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੀ ਵੀ ਹਦਾਇਤ ਕੀਤੀ।
ਰਾਈਟ ਟੂ ਵਾਕ ਨੀਤੀ ਦਾ ਜਾਇਜ਼ਾ ਲੈਂਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪੈਦਲ ਚੱਲਣ ਵਾਲਿਆਂ ਦੇ ਅਧਿਕਾਰ ਦੀ ਨੀਤੀ ਤਹਿਤ ਜ਼ਿਲ੍ਹੇ ਅੰਦਰ ਹਰੇਕ ਸੜਕ ਉਤੇ ਫੁੱਟਪਾਥ ਯਕੀਨੀ ਬਣਾਏ ਜਾਣ ਅਤੇ ਟੁੱਟੇ ਹੋਏ ਫੁਟਪਾਥਾਂ ਦੀ ਮੁਰੰਮਤ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣਾਏ ਗਏ ਪਟਿਆਲਾ ਦੇ ਪਹਿਲੇ ਸਾਇਕਲ ਟਰੈਕ ਦੀ ਤਰਜ ‘ਤੇ ਸ਼ਹਿਰ ਅੰਦਰ ਅਜਿਹੇ ਹੋਰ ਸਾਇਕਲਿੰਗ ਟਰੈਕ ਬਣਾਉਣ ਲਈ ਕਾਰਵਾਈ ਅੱਗੇ ਵਧਾਈ ਜਾਵੇ।
ਸ਼ਹਿਰ ਅੰਦਰਲੇ ਚੌਂਕਾਂ ਦੀ ਸੁੰਦਰਤਾ ਲਈ ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕਰਦਿਆਂ ਸਾਕਸ਼ੀ ਸਾਹਨੀ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸੜਕਾਂ ਕਿਨਾਰੇ ਸੁੱਟੇ ਇਮਾਰਤਾਂ ਦੇ ਮਲਬੇ ਨੂੰ ਨਗਰ ਨਿਗਮ ਦੇ ਫੈਕਟਰੀ ਏਰੀਆ ਸਥਿਤ ਡੰਪ ਵਿੱਚ ਭਿਜਵਾਇਆ ਜਾਵੇ, ਜਿੱਥੇ ਇਸ ਨੂੰ ਮੁੜ ਵਰਤੋਂ ‘ਚ ਲਿਆਉਣ ਲਈ ਪਲਾਂਟ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਉਨ੍ਹਾਂ ਨੇ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਨੂੰ ਸ਼ਹਿਰ ਅੰਦਰਲੀਆਂ ਸੜਕਾਂ ਉਪਰ ਸਪੀਡ ਲਿਮਟ ਦੇ ਬੋਰਡ ਲਗਾਉਣ ਤੇ ਸੜਕਾਂ ਕਿਨਾਰੇ ਪੀਲੀ ਪੱਟੀ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਵੀ ਜਾਰੀ ਰੱਖਿਆ ਜਾਵੇ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਅਤੇ ਕੁਲਵੰਤ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਰਾਈਟ ਟੂ ਵਾਕ ਨੀਤੀ ਨੂੰ ਜ਼ਮੀਨੀ ਪੱਧਰ ‘ਤੇ ਹਕੀਕਤ ਵਿੱਚ ਲਾਗੂ ਕਰਨ ਲਈ ਯਤਨਸ਼ੀਲ ਹੈ।
ਮੀਟਿੰਗ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ, ਐਸ.ਪੀ. ਟ੍ਰੈਫਿਕ ਜਸਵੀਰ ਸਿੰਘ, ਜ਼ਿਲ੍ਹਾ ਸੜਕ ਸੁਰੱਖਿਆ ਅਫ਼ਸਰ ਸ਼ਵਿੰਦਰ ਬਰਾੜ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਇੰਸਪੈਕਟਰ ਪ੍ਰੀਤਇੰਦਰ ਸਿੰਘ, ਐਸ.ਆਈ. ਭਗਵਾਨ ਸਿੰਘ, ਆਰ.ਟੀ.ਏ. ਦਫ਼ਤਰ ਦੇ ਨੁਮਾਂਇੰਦਿਆਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।