???? ਪਟਿਆਲਾ ਪੁਲਿਸ ਨੇ ਸੁਲਝਾਈ ਐਨਆਰਆਈ ਦੀ ਮਾਤਾ ਦੇ ਕਤਲ ਕੇਸ ਦੀ ਗੁੱਥੀ, 2 ਦੋਸ਼ੀ ਕਾਬੂ
???? ਮੁੱਖ ਦੋਸ਼ੀ ਬਿਹਾਰ ਤੋਂ ਗ੍ਰਿਫਤਾਰ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ 50,000 ਰੁਪਏ ਬ੍ਰਾਮਦ
ਪਟਿਆਲਾ, 9 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਪੁਲਿਸ ਨੇ ਬੀਤੀ 2 ਅਗਸਤ ਨੂੰ ਇੱਕ ਐਨ ਆਰ ਆਈ ਦੀ ਮਾਤਾ ਰਣਧੀਰ ਕੌਰ ਉਮਰ 70 ਸਾਲ ਪਤਨੀ ਨਿਰਮਲ ਸਿੰਘ ਵਾਸੀ ਭੇਡਵਾਲ ਝੁੱਗੀਆਂ ਥਾਣਾ ਖੇੜੀ ਗੰਡਿਆਂ ਦੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਐਸ ਐਸ ਪੀ ਪਟਿਆਲਾ ਨੇ ਅੱਜ ਇਥੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਕਤ ਸਨਸਨੀਖੇਜ ਅੰਨ੍ਹੇ ਕਤਲ ਨੂੰ ਟ੍ਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੰਜਾਬ ਡਿਟੈਕਟਿਵ ਪਟਿਆਲਾ ਅਤੇ ਰਘਵੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ, ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਦੀ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਇਸ ਅੰਨੇ ਕਤਲ ਨੂੰ ਟਰੇਸ ਕਰਕੇ ਇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੰਬਰ ਪੀਬੀ 12ਜੇ 5679 ਅਤੇ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਕਤਲ ਕੇਸ ਦੇ ਮੁੱਖ ਦੋਸ਼ੀ ਗਮਦੁਗਰ ਸਾਹੂ ਉਰਫ ਰਾਹੁਲ ਪੁੱਤਰ ਉਦੇ ਨਰਾਇਣ ਸਾਹੂ ਵਾਸੀ ਪਿੰਡ ਬਿਸਵਾਰੀ, ਜਿਲ੍ਹਾ ਮਧੁਬਨੀ (ਬਿਹਾਰ), ਉਮਰ 25 ਸਾਲ, ਹਾਲ ਵਾਸੀ ਨੀਲਪੁਰ ਰਾਜਪੁਰਾ ਜਿਲ੍ਹਾ ਪਟਿਆਲਾ, ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਬਿਹਾਰ ਪੁਲਿਸ ਦੀ ਮੱਦਦ ਨਾਲ ਪਿੰਡ ਬਿਸਵਾਰੀ ਜਿਲ੍ਹਾ ਮਧੁਬਨੀ (ਬਿਹਾਰ) ਤੋਂ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਦੋਸ਼ੀ ਅਮਰੀਕ ਸਿੰਘ ਉਰਫ਼ ਰਿੰਕੂ ਪੁੱਤਰ ਕਰਤਾਰ ਸਿੰਘ ਵਾਸੀ ਮਕਾਨ ਨੰਬਰ 69, ਬਾਬਾ ਅਜੀਤ ਸਿੰਘ ਨਗਰ, ਨੀਲਪੁਰ, ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਦਾ ਵੇਰਵਾ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਮਿਤੀ 02.08.2023 ਨੂੰ ਵਕਤ ਕਰੀਬ ਸ਼ਾਮ 4:30 ਵਜੇ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਐਨ ਆਰ ਆਈ ਦੀ ਮਾਤਾ ਰਣਧੀਰ ਕੌਰ ਉਮਰ 70 ਸਾਲ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਭੇਡਵਾਲ ਝੁਗੀਆਂ, ਥਾਣਾ ਖੇੜੀ ਗੰਡਿਆਂ ਦਾ ਕਤਲ ਹੋ ਗਿਆ ਸੀ, ਜਿਸਦੇ ਗਲ ਵਿੱਚ ਚੁੰਨੀ ਪਾਈ ਹੋਈ ਸੀ ਅਤੇ ਜੀਭ ਬਾਹਰ ਨਿਕਲੀ ਹੋਈ ਸੀ, ਨੱਕ ਅਤੇ ਚਿਹਰੇ ਪਰ ਖੂਨ ਲੱਗਾ ਸੀ, ਜਿਸਦੇ ਹੱਥਾਂ ਵਿੱਚ ਪਾਈਆਂ ਸੋਨੇ ਦੀ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਤੇ ਮੁੰਦਰੀ ਗਾਇਬ ਸੀ, ਬਾਰੇ ਜਾਣਕਾਰੀ ਹਾਸਲ ਹੋਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 64 ਮਿਤੀ 02.08.2023 ਨੂੰ ਅਧੀਨ ਧਾਰਾ 302,449,34 ਥਾਣਾ ਖੇੜੀ ਗੰਡਿਆ, ਜਿਲ੍ਹਾ ਪਟਿਆਲਾ ਵਿਖੇ ਦਰਜ ਕਰਕੇ ਉਕਤ ਟੀਮ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਹਰਬੀਰ ਸਿੰਘ ਅਟਵਾਲ ਐਸ ਪੀ (ਡੀ) ਪਟਿਆਲਾ ਦੀ ਅਗਵਾਈ ਵਿੱਚ ਸੀ.ਆਈ.ਏ ਪਟਿਆਲਾ ਦੀਆਂ ਵੱਖ ਵੱਖ ਟੀਮਾਂ ਵਾਰਦਾਤ ਵਾਲੇ ਦਿਨ ਤੋਂ ਹੀ ਇਸ ਅੰਨੇ ਕਤਲ ਨੂੰ ਟਰੇਸ ਕਰਨ ਲਈ ਦਿਨ ਰਾਤ ਵੱਖ ਵੱਖ ਐਂਗਲਾਂ ਤੋਂ ਕੰਮ ਕਰ ਰਹੀਆਂ ਸਨ ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਨੇ 4 ਦਿਨ ਦੇ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰੀ ਅਤੇ ਬ੍ਰਾਮਦਗੀ ਸੰਬੰਧੀ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵੱਲੋਂ ਮੌਕੇ ਤੋਂ ਮਿਲੇ ਅਹਿਮ ਸੁਰਾਗਾਂ, ਟੈਕਨੀਕਲ ਸਾਧਨਾਂ ਅਤੇ ਵੱਖ ਵੱਖ ਥਿਊਰੀਆਂ ‘ਤੇ ਕੰਮ ਕੀਤਾ ਗਿਆ, ਜਿਸਦੇ ਤਹਿਤ ਹੀ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਸਮੇਤ ਸਹਾਇਕ ਥਾਣੇਦਾਰ ਅਵਤਾਰ ਸਿੰਘ, ਹਵਲਦਾਰ ਜਸਪਿੰਦਰ ਸਿੰਘ ਅਤੇ ਬਿਹਾਰ ਪੁਲਿਸ ਦੀ ਮਦਦ ਨਾਲ ਦੋਸ਼ੀ ਰਾਮ ਦੁਗਾਰ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਜਦਕਿ ਇਸ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਦੁੱਜਾ ਸਾਥੀ ਅਮਰੀਕ ਸਿੰਘ ਉਰਫ ਰਿੰਕੂ ਨੂੰ ਵੀ ਰਾਜਪੁਰਾ ਤੋਂ ਗਿਰਫ਼ਤਾਰ ਕੀਤਾ ਗਿਆ। ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਹੀਰੋ ਹਾਂਡਾ ਅਤੇ 50,000 ਰੁਪਏ ਵੀ ਬ੍ਰਾਮਦ ਕੀਤੇ ਹਨ ਜੋ ਕਿ ਇਹਨਾਂ ਨੇ ਮ੍ਰਿਤਕ ਰਣਧੀਰ ਕੌਰ ਦੇ ਗਹਿਣੇ ਵੇਚ ਕੇ ਹਾਸਲ ਕੀਤੇ ਸਨ। ਇਸ ਤੋਂ ਬਿਨਾਂ ਕੁੱਝ ਪੈਸੇ ਇਹਨਾਂ ਦੇ ਆਪਣੇ ਬੈਂਕ ਖਾਤਿਆਂ ਵਿੱਚ ਵੀ ਪਾ ਲਏ ਹਨ ਅਤੇ ਪੁਲਿਸ ਵੱਲੋਂ ਹੋਰ ਬ੍ਰਾਮਦਗੀ ਵੀ ਕੀਤੀ ਜਾ ਰਹੀ ਹੈ।
ਵਜਾ ਰੰਜਿਸ਼ ਪੁੱਛਣ ਉੱਤੇ 7. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਅੱਜ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਤਲ ਲੁੱਟ ਖੋਹ ਦੀ ਮਨਸ਼ਾ ਨਾਲ ਕੀਤਾ ਗਿਆ ਹੈ, ਦੋਸ਼ੀ ਘਰ ਵਿੱਚ ਪੇਂਟ ਦਾ ਕੰਮ ਕਰਦੇ ਹਨ ਜਿਨ੍ਹਾਂ ਨੇ ਕਰੀਬ 1 ਮਹੀਨਾ ਪਹਿਲਾਂ ਇੱਕ ਐਨ ਆਰ ਆਈ ਦੀ ਮਾਤਾ ਮ੍ਰਿਤਕ ਰਣਧੀਰ ਕੌਰ ਦੇ ਘਰ ਪਿੰਡ ਭੇਡਵਾਲ ਝੁੱਗੀਆਂ ਵਿਖੇ ਪੇਂਟ ਦਾ ਕੰਮ ਕੀਤਾ ਸੀ ਜੋ ਮ੍ਰਿਤਕ ਰਣਧੀਰ ਕੌਰ ਜ਼ਿਆਦਾਤਰ ਘਰ ਵਿਚ ਇਕੱਲੀ ਹੀ ਰਹਿੰਦੀ ਸੀ ਜਿਸਦਾ ਪਤੀ ਨਿਰਮਲ ਸਿੰਘ ਜੋ ਬਿਜਲੀ ਬੋਰਡ ਵਿਭਾਗ ਵਿੱਚ ਸੀ, ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਰਣਧੀਰ ਕੌਰ ਦੇ 2 ਲੜਕੇ ਜਿਨ੍ਹਾਂ ਵਿੱਚੋ ਇੱਕ ਲੜਕਾ ਬਲਜਿੰਦਰ ਸਿੰਘ ਉਮਰ ਕਰੀਬ 20-25 ਸਾਲ ਤੋਂ ਵਿਦੇਸ਼ ਜਰਮਨੀ ਵਿਖੇ ਰਹਿੰਦਾ ਹੈ ਅਤੇ ਦੂਜਾ ਲੜਕਾ ਬਲਵਿੰਦਰ ਸਿੰਘ ਖਰੜ ਮੋਹਾਲੀ ਵਿਖੇ ਪ੍ਰਾਪਰਟੀ ਦਾ ਕੰਮ ਕਰਦਾ ਹੈ, ਜਦੋਂ ਦੋਸ਼ੀ ਮ੍ਰਿਤਕ ਦੇ ਘਰ ਪੇਂਟ ਦਾ ਕੰਮ ਕੀਤਾ ਸੀ ਉਸ ਸਮੇਂ ਹੀ ਇਨ੍ਹਾਂ ਦੀ ਨਿਗਾਹ ਮ੍ਰਿਤਕ ਰਣਧੀਰ ਕੌਰ ਦੇ ਪਹਿਨੇ ਹੋਏ ਸੋਨੇ ਦੇ ਗਹਿਣਿਆਂ ਪਰ ਪਈ ਸੀ ਜੋ ਹੁਣ ਕਰੀਬ 10/15 ਦਿਨਾਂ ਤੋਂ ਦੋਵੇਂ ਉਕਤ ਦੋਸ਼ੀਆਂ ਨੇ ਸਲਾਹ ਮਸ਼ਵਰਾਂ ਕਰਕੇ ਮ੍ਰਿਤਕ ਨੂੰ ਮਾਰ ਕੇ ਉਸਦੇ ਗਹਿਣੇ ਲੁੱਟਣ ਦੀ ਤਾਕ ਵਿਚ ਸਨ। ਇਸ ਸਾਜਿਸ਼ ਤਹਿਤ ਹੀ ਦੋਸ਼ੀ 2 ਅਗਸਤ ਨੂੰ ਦੁਪਹਿਰ ਸਮੇਂ ਮ੍ਰਿਤਕ ਰਣਧੀਰ ਕੌਰ ਦੇ ਘਰ ਗਏ ਤਾਂ ਮ੍ਰਿਤਕ ਰਣਧੀਰ ਕੌਰ, ਜੋ ਕਿ ਆਪਣੇ ਬੈਡਰੂਮ ਵਿੱਚ ਸੀ, ਦਾ ਸਿਰਹਾਣੇ ਨਾਲ ਮੂੰਹ ਦਬਿਆ ਅਤੇ ਫਿਰ ਇਸਦਾ ਗਲਾ ਘੁੱਟ ਕੇ ਅਤੇ ਬੁਰੀ ਤਰ੍ਹਾਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਪਾਏ ਹੋਏ ਸੋਨੇ ਦੇ ਗਹਿਣੇ, ਇੱਕ ਚੂੜੀ, ਇਕ ਮੁੰਦਰੀ ਅਤੇ ਕੰਨ ਦੀਆਂ ਵਾਲੀਆਂ ਵਗੈਰਾ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਸੀ।
Newsline Express