ਹਿਮਾਚਲ ‘ਚ ਬਾਰਸ਼ ਕਾਰਨ ਪੰਜਾਬ ਦੇ ਡੈਮ ਫੁੱਲ, ਅੱਜ ਛੱਡਿਆ ਜਾਵੇਗਾ ਪਾਣੀ
ਬਿਆਸ, 14 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪੰਜਾਬ ਦੇ ਦਰਿਆਵਾਂ ਦੇ ਨਾਲ ਹੀ ਡੈਮਾਂ ‘ਚ ਵੀ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਨਵਾਂਸ਼ਹਿਰ ਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਅੱਜ ਸੋਮਵਾਰ ਨੂੰ ਵੀ ਪੰਜਾਬ ਵਿੱਚ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਬੀਬੀਐਮਬੀ ਪ੍ਰਸ਼ਾਸਨ ਮੁਤਾਬਕ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਐਤਵਾਰ ਸ਼ਾਮ 6 ਵਜੇ ਤੱਕ ਇੱਕ ਫੁੱਟ ਵਧ ਕੇ 1672.25 ਫੁੱਟ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਟੈਸਟਿੰਗ ਲਈ ਭਾਖੜਾ ਦੇ ਚਾਰ ਫਲੱਡ ਗੇਟ 2-2 ਫੁੱਟ ਖੋਲ੍ਹ ਕੇ 8100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਪੌਂਗ ਡੈਮ ‘ਚ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚਣ ਤੋਂ ਬਾਅਦ ਬੀਬੀਐਮਬੀ ਪ੍ਰਬੰਧਨ ਨੇ ਸੋਮਵਾਰ 14 ਅਗਸਤ ਨੂੰ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਸੋਮਵਾਰ ਨੂੰ ਸਵੇਰੇ 8 ਵਜੇ 25 ਹਜ਼ਾਰ ਕਿਊਸਿਕ, ਸਵੇਰੇ 10 ਵਜੇ 40 ਹਜ਼ਾਰ ਕਿਊਸਿਕ ਤੇ ਦੁਪਹਿਰ 12 ਵਜੇ ਤੋਂ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਮੀਂਹ ਦਾ ਯੈਲੋ ਅਲਰਟ ਹੈ। ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਮੋਗਾ ਦੇ ਧਰਮਕੋਟ ਦੇ ਕਈ ਪਿੰਡਾਂ ਵਿੱਚ ਫਸਲ ਤਬਾਹ ਹੋਈ ਹੈ। ਸੰਗਰੂਰ ‘ਚ ਘੱਗਰ ਦੇ ਪਾਣੀ ਦਾ ਪੱਧਰ ਮੁੜ 39.6 ਫੁੱਟ ‘ਤੇ ਪਹੁੰਚ ਗਿਆ ਹੈ।