ਟੀਮ ਇੰਡੀਆ ਨੇ ਜਿੱਤੀ ਟੀ-20 ਸੀਰੀਜ਼
3 ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਜਿੱਤੇ, ਤੀਜਾ ਮੈਚ ਵੀ ਜਿੱਤਣ ਦਾ ਦਾਅਵਾ
ਡਬਲਿਨ / ਚੰਡੀਗੜ੍ਹ, 21 ਅਗਸਤ –ਰਵਿੰਦਰ ਕੁਮਾਰ ਬਾਲੀ / ਨਿਊਜ਼ਲਾਈਨ ਐਕਸਪ੍ਰੈਸ- ਡਬਲਿਨ ਵਿੱਚ ਖੇਡੇ ਗਏ ਦੂਜੇ ਮੈਚ ਵਿਚ ਵੀ ਜਿੱਤ ਦਰਜ ਕਰਕੇ ਭਾਰਤੀ ਕ੍ਰਿਕੇਟ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ ਜਿੱਤ ਲਈ ਹੈ। ਹੁਣ ਤੀਜੇ ਮੈਚ ਨੂੰ ਵੀ ਜਿੱਤ ਕੇ ਟੀਮ ਇੰਡੀਆ ਕਲੀਨ ਸਵੀਪ ਕਰੇਗੀ। ਇਹ ਤੀਜੀ ਵਾਰ ਹੋਵੇਗਾ ਕਿ ਭਾਰਤ ਨੇ ਆਇਰਲੈਂਡ ਤੋਂ ਲਗਾਤਾਰ 3 ਸੀਰੀਜ਼ ਜਿੱਤੀਆਂ ਹੋਣ।
ਬੀਤੀ ਸ਼ਾਮ ਡਬਲਿਨ ਵਿੱਚ ਖੇਡੇ ਸੀਰੀਜ਼ ਦੇ ਦੂਜੇ ਮੈਚ ਵਿਚ ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ ਤੇ ਰਿੰਕੂ ਸਿੰਘ ਦੀ ਧਮਾਕੇਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਇਰਲੈਂਡ ਨੂੰ ਦੂਜੇ ਟੀ-20 ‘ਚ 33 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ। ਟੀਮ ਇੰਡੀਆ ਨੇ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ `ਤੇ 185 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਆਇਰਲੈਂਡ ਨੂੰ 8 ਵਿਕਟਾਂ ‘ਤੇ 152 ਦੌੜਾਂ ‘ਤੇ ਰੋਕ ਦਿੱਤਾ।
ਇਸ ਤੋਂ ਪਹਿਲਾਂ ਗਾਇਕਵਾੜ ਨੇ 43 ਗੇਂਦਾਂ ‘ਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਬਣਾਈਆਂ ਜਦਕਿ ਸੰਜੂ ਸੈਮਸਨ ਨੇ 26 ਗੇਂਦਾਂ ‘ਚ 40 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ 1 ਛੱਕਾ ਸ਼ਾਮਲ ਸੀ। ਆਈ. ਪੀ. ਐੱਲ. ਸਟਾਰ ਤੇ ‘ਮੈਨ ਆਫ ਦਿ ਮੈਚ’ ਰਿੰਕੂ ਸਿੰਘ ਨੇ 21 ਗੇਂਦਾਂ ‘ਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਸੈਮਸਨ ਨੇ 11ਵੇਂ ਓਵਰ ‘ਚ ਜੋਸ਼ ਲਿਟਲ ਦਾ ਚੰਗਾ ਕੁਟਾਪਾ ਚਾੜ੍ਹਿਆ। ਗਾਇਕਵਾੜ ਨੇ ਇਸ ਵਿਚਾਲੇ ਵ੍ਹਾਈਟ ਦੀ ਗੇਂਦ ‘ਤੇ ਪੁਲ ਸ਼ਾਟ ਖੇਡ ਕੇ ਟੀ- 20 ਕ੍ਰਿਕਟ ‘ਚ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਵ੍ਹਾਈਟ ਦੇ ਸਿਰ ਦੇ ਉੱਪਰ ਤੋਂ ਛਕਾ ਲਾਇਆ।ਗਾਇਕਵਾੜ ਦੀ ਪਾਰੀ ਦਾ ਅੰਤ ਮੈਕਾਰਥੀ ਦੀ ਹੌਲੀ ਗੇਂਦ ’ਤੇ ਹੋਇਆ। ਰਿੰਕੂ ਤੇ ਸ਼ਿਵਮ ਦੂਬੇ ਨੇ 19ਵੇਂ ਤੇ 20ਵੇਂ ਓਵਰ ਵਿਚ ਕ੍ਰਮਵਾਰ 22 ਤੋਂ 20 ਦੌੜਾਂ ਬਣਾਈਆਂ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾ ਮੁਕਾਬਲਾ ਡਕਵਰਥ ਲੁਈਸ ਨਿਯਮ ਦੇ ਤਹਿਤ 2 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ।
Newsline Express