newslineexpres

Home Information ????ਗ਼ਲਤ ਢੰਗ ਨਾਲ ਨੀਲਾ ਰਾਸ਼ਨ ਕਾਰਡ ਬਣਾਉਣ ਵਾਲੇ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ !!

????ਗ਼ਲਤ ਢੰਗ ਨਾਲ ਨੀਲਾ ਰਾਸ਼ਨ ਕਾਰਡ ਬਣਾਉਣ ਵਾਲੇ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ !!

by Newslineexpres@1

ਪਟਿਆਲਾ ਦੇ ਪਿੰਡ ਬਲੀਪੁਰ ਨਿਵਾਸੀ ਮਲਕੀਤ ਖ਼ਾਨ ਦੀ ਸ਼ਿਕਾਇਤ ਉਤੇ ਪਿੰਡ ਧਰਮਕੋਟ (ਝੰਬੋ) ਨਿਵਾਸੀ ਅਵਤਾਰ ਸਿੰਘ ਨੂੰ ਮਿਲੀ ਸਰਕਾਰ ਨਾਲ ਧੋਖਾਧੜੀ ਕਰਨ ਦੀ ਸਜ਼ਾ

ਅਦਾਲਤੀ ਫੈਸਲੇ ਤੋਂ ਸਬਕ ਲੈਣ ਗਲਤ ਢੰਗ ਨਾਲ ਨੀਲਾ ਕਾਰਡ ਬਣਾਉਣ ਵਾਲੇ ਲਾਲਚੀ ਲੋਕ

ਪਟਿਆਲਾ – ਨਿਊਜ਼ ਲਾਈਨ ਐਕਸਪ੍ਰੈਸ – ਸਸਤਾ ਰਾਸ਼ਨ ਲੈਣ ਲਈ ਗਲਤ ਢੰਗ ਨਾਲ ਨੀਲਾ ਕਾਰਡ ਬਣਾਉਣਾ ਕਿਸੇ ਨੂੰ ਜੇਲ੍ਹ ਵੀ ਭੇਜ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਜਿਲ੍ਹੇ ਦੇ ਪਿੰਡ ਬਲੀਪੁਰ ਨਿਵਾਸੀ ਮਲਕੀਤ ਖ਼ਾਨ ਦੀ ਸ਼ਿਕਾਇਤ ਉਤੇ ਪਿੰਡ ਧਰਮਕੋਟ (ਝੰਬੋ) ਦੇ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਨਾਲ ਵਾਪਰਿਆ ਹੈ ਜਿਸਨੇ ਸਸਤਾ ਰਾਸ਼ਨ ਲੈਣ ਲਈ ਝੂਠੀ ਜਾਣਕਾਰੀ ਦੇ ਕੇ ਨੀਲਾ ਕਾਰਡ ਬਣਵਾਇਆ ਸੀ। ਅਵਤਾਰ ਸਿੰਘ ਨੂੰ ਪਟਿਆਲਾ ਦੀ ਇੱਕ ਮਾਣਯੋਗ ਅਦਾਲਤ ਨੇ 2 ਸਾਲ ਦੀ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
   ਪਿੰਡ ਬਲੀਪੁਰ ਨਿਵਾਸੀ ਮਲਕੀਤ ਖਾਨ ਨਾਂਅ ਦੇ ਇੱਕ ਸਮਾਜ ਸੇਵੀ ਤੇ ਆਰ.ਟੀ.ਆਈ ਐਕਟੀਵਿਸਟ ਦੀ ਸ਼ਿਕਾਇਤ ਉਤੇ ਪਟਿਆਲਾ ਪੁਲਿਸ ਵੱਲੋਂ ਸਾਲ 2017 ਵਿੱਚ ਅਵਤਾਰ ਸਿੰਘ ਖਿਲਾਫ ਪਰਚਾ ਦਰਜ਼ ਕੀਤਾ ਗਿਆ ਸੀ। ਮਲਕੀਤ ਸਿੰਘ ਦਾ ਕਹਿਣਾ ਸੀ ਕਿ ਉਕਤ ਦੋਸ਼ੀ ਅਵਤਾਰ ਸਿੰਘ ਪੁੁੱਤਰ ਅਮਰ ਸਿੰਘ ਨੇ ਗਲਤ ਜਾਣਕਾਰੀ ਦੇ ਕੇ ਸਸਤੇ ਰਾਸ਼ਨ ਵਾਲਾ ਨੀਲਾ ਕਾਰਡ ਬਣਵਾ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ ਅਤੇ ਗ਼ਰੀਬਾਂ ਦਾ ਹੱਕ ਮਾਰਿਆ ਹੈ। ਸ਼ਿਕਾਇਤਕਰਤਾ ਮਲਕੀਤ ਖ਼ਾਨ ਨੂੰ ਕਈ ਪਿੰਡਾਂ ਤੇ ਪਟਿਆਲਾ ਸ਼ਹਿਰ ਦੇ ਲੋਕ ‘‘ ਨੰਗ ਪੈਰੀਆ ਬਾਬਾ ’’ ਦੇ ਨਾਂਅ ਤੋਂ ਜਾਣਦੇ ਹਨ। ਊਸ ਨੂੰ ਨੰਗ ਪੈਰੀਆ ਬਾਬਾ ਇਸ ਕਰਕੇ ਕਹਿੰਦੇ ਹਨ, ਕਿਉਂਕਿ ਉਹ ਬਚਪਣ ਤੋਂ ਹੀ ਨੰਗੇ ਪੈਰ ਰਹਿੰਦਾ ਹੈ। ਪਿੰਡ ਹੋਵੇ ਜਾਂ ਸ਼ਹਿਰ, ਸੜਕ ਹੋਵੇ ਜਾਂ ਕੋਈ ਸਰਕਾਰੀ ਦਫ਼ਤਰ, ਘਰ ਹੋਵੇ ਜਾਂ ਬਾਹਰ, ਮੀਂਹ, ਹਨ੍ਹੇਰੀ, ਗਰਮੀ, ਸਰਦੀ ਆਦਿ ਕੋਈ ਵੀ ਮੌਸਮ ਹੋਵੇ, ਸੜਕ ਭਾਂਵੇਂ ਭਾਰੀ ਗਰਮੀ ਨਾਲ ਤਪਦੀ ਹੋਵੇ ਤੇ ਭਾਂਵੇਂ ਠੰਢ ਕਾਰਨ ਠੰਡੀ ਹੋਵੇ, ਨੰਗ ਪੈਰੀਆ ਬਾਬਾ ਮਲਕੀਤ ਖਾਨ ਹਮੇਸ਼ਾ ਨੰਗੇ ਪੈਰ ਹੀ ਰਹਿੰਦਾ ਹੈ, ਨੰਗੇ ਪੈਰ ਹੀ ਆਉਂਦਾ ਜਾਂਦਾ ਹੈ। ਉਸ ਨੂੰ ਅਕਸਰ ਹੱਸਦਾ ਹੋਇਆ, ਹੱਥ ਵਿੱਚ ਫੜੀ ਇੱਕ ਮਾਲਾ ਫੇਰਦਾ ਦੇਖਿਆ ਜਾਂਦਾ ਹੈ।
ਮਲਕੀਤ ਖਾਨ ਦੀ ਸ਼ਿਕਾਇਤ ਉਤੇ ਜਾਂਚ ਕਰਕੇ ਪਟਿਆਲਾ ਪੁਲਿਸ ਨੇ ਅਵਤਾਰ ਸਿੰਘ ਦੇ ਵਿਰੁੱਧ ਧੋਖਾਧੜੀ ਦੀ ਧਾਰਾ 420 ਅਧੀਨ ਸਾਲ 2017 ਵਿੱਚ ਥਾਣਾ ਪਸਿਆਣਾ ਵਿਖੇ ਮੁਕਦੱਮਾ ਦਰਜ਼ ਕੀਤਾ ਸੀ। ਸ਼ਿਕਾਇਤਕਰਤਾ ਇਸ ਗੱਲ ਤੋਂ ਬੇਹੱਦ ਪਰੇਸ਼ਾਨ ਰਿਹਾ ਕਿ ਉਸਦੀ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਸਿਰਫ਼ ਇੱਕ ਦੋਸ਼ੀ ਵਿਰੁੱਧ ਕੇਸ ਦਰਜ਼ ਕੀਤਾ ਗਿਆ, ਜਦਕਿ ਉਸਦੀ ਮੰਗ ਇਹੀ ਰਹੀ ਕਿ ਗ਼ਲਤ ਢੰਗ ਨਾਲ ਨੀਲਾ ਕਾਰਡ ਬਣਾਉਣ ਦੇ ਮਾਮਲੇ ਵਿਚ ਪੰਚ/ਸਰਪੰਚ ਅਤੇ ਸਰਕਾਰੀ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ, ਸ਼ਾਇਦ ਸ਼ਿਫਾਰਸ਼ਾਂ ਦੇ ਚੱਲਦੇ ਜਾਂ ਕਿਸੇ ਹੋਰ ਕਾਰਨ ਅਜਿਹਾ ਨਹੀਂ ਹੋ ਸਕਿਆ। ਪੁਲਿਸ ਦੀ ਜਾਂਚ ਪੜਤਾਲ ਦੌਰਾਨ ਕਈ ਵਾਰੀ ਨੰਗ ਪੈਰੀਏ ਬਾਬੇ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਸਹਿਣੀਆਂ ਪਈਆਂ ਤੇ ਝੂਠੇ ਕੇਸ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਤੋਂ ਵੀ ਬੱਚਦੇ ਰਹਿਣਾ ਪਿਆ। ਪੁਲਿਸ ਦੀ ਜਾਂਚ ਪੜਤਾਲ ਵਿਚ ਵੀ ਵਾਰ ਵਾਰ ਹਾਜ਼ਰ ਹੋਣਾ ਪਿਆ ਅਤੇ ਅਦਾਲਤੀ ਕਾਰਵਾਈ ਦੌਰਾਨ ਕਈ ਸਾਲ ਪੇਸ਼ੀਆਂ ਵੀ ਭੁਗਤਣੀਆਂ ਪਈਆਂ।
ਆਖ਼ਿਰ ਹੁਣ 3 ਅਗਸਤ 2023 ਨੂੰ ਸਰਕਾਰੀ ਵਕੀਲ ਅਤੇ ਸ਼ਿਕਾਇਤਕਰਤਾ ਮਲਕੀਤ ਖਾਨ ਦੇ ਵਕੀਲ ਐਡਵੋਕੇਟ ਸੁਰਜੀਤ ਰਾਏ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪਟਿਆਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮੈਡਮ ਅਮਨਪ੍ਰੀਤ ਕੌਰ ਦੀ ਮਾਣਯੋਗ ਅਦਾਲਤ ਨੇ ਉਕਤ ਮੁਕੱਦਮੇ ਵਿੱਚ ਲੰਬੀ ਸੁਣਵਾਈ ਤੋਂ ਬਾਅਦ ਸ਼ਿਕਾਇਤਕਰਤਾ ਦੇ ਹੱਕ ਵਿਚ ਫੈਸਲਾ ਕਰਦਿਆਂ ਦੋਸ਼ੀ ਅਵਤਾਰ ਸਿੰਘ ਨੂੰ 2 ਸਾਲ ਦੀ ਸਜ਼ਾ ਅਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਣਯੋਗ ਅਦਾਲਤ ਨੇ ਉਕਤ ਦੋਸ਼ੀ ਅਵਤਾਰ ਸਿੰਘ ਨੂੰ ਅਪੀਲ ਕਰਨ ਲਈ ਸਮਾਂ ਤੇ ਜਮਾਨਤ ਦੇ ਕੇ 1 ਸਤੰਬਰ ਤੱਕ ਅਪੀਲ ਸੰਬੰਧੀ ਅਦਾਲਤ ਦੇ ਹੁਕਮ ਪੇਸ਼ ਕਰਨ ਲਈ ਕਿਹਾ ਹੈ ਅਤੇ ਜਾਂ ਫੇਰ ਸਜ਼ਾ ਭੁਗਤਣ ਲਈ ਆਪਣੇ ਆਪ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੇ ਆਦੇਸ਼ ਦਿੱਤੇ ਹਨ।
ਐਡਵੋਕੇਟ ਸੁਰਜੀਤ ਰਾਏ ਨੇ ਨਿਊਜ਼ ਲਾਈਨ ਐਕਸਪ੍ਰੈਸ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਉਕਤ ਫੈਸਲੇ ਤੋਂ ਸਭ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਸਸਤੇ ਰਾਸ਼ਨ ਵਾਲਾ ਨੀਲਾ ਕਾਰਡ ਗਲਤ ਢੰਗ ਨਾਲ ਬਣਾਉਣਾ ਅਤੇ ਝੂਠੀ ਜਾਣਕਾਰੀ ਦੇ ਕੇ ਨੀਲਾ ਕਾਰਡ ਬਣਾਉਣਾ ਕਿੰਨਾ ਖ਼ਤਰਨਾਕ ਤੇ ਨੁਕਸਾਨਦੇਹ ਹੋ ਸਕਦਾ ਹੈ।

BOX
???? ਇਹ ਹੈ ਪੂਰਾ ਮਾਮਲਾ.. .. .. ..

ਪਟਿਆਲਾ ਜਿਲ੍ਹੇ ਦੇ ਨਾਭਾ ਰੋਡ ਦੇ ਨੇੜੇ ਪੈਂਦੇ ਪਿੰਡ ਬਲੀਪੁਰ ਨਿਵਾਸੀ ਮਲਕੀਤ ਖ਼ਾਨ ਨੇ 4 ਜਨਵਰੀ 2017 ਨੂੰ ਐਸ.ਐਸ.ਪੀ ਪਟਿਆਲਾ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਧਰਮਕੋਟ (ਝੰਬੋ) ਵਿਚ ਰਹਿਣ ਵਾਲੇ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਦਿੱਤੇ ਜਾਣ ਵਾਲੇ ਸਸਤੇ ਰਾਸ਼ਨ ਨੂੰ ਹਥਿਆਉਣ ਲਈ ਗ਼ਲਤ ਢੰਗ ਨਾਲ, ਝੂਠੀ ਜਾਣਕਾਰੀ ਦੇ ਕੇ ਨੀਲਾ ਕਾਰਡ ਬਣਵਾਇਆ ਹੈ ਜੋਕਿ ਗ਼ੈਰ ਕਾਨੂੰਨੀ ਹੈ, ਉਹ ਗ਼ਰੀਬਾਂ ਦੇ ਹੱਕ ਮਾਰ ਰਿਹਾ ਹੈ ਅਤੇ ਸਰਕਾਰ ਨਾਲ ਧੋਖਾ ਕੀਤਾ ਹੈ। ਅਵਤਾਰ ਸਿੰਘ ਗ਼ਰੀਬ ਨਹੀਂ ਹੈ, ਉਸ ਕੋਲ ਆਪਣੀਆਂ ਕੰਬਾਈਨਾਂ ਹਨ ਜਿਨ੍ਹਾਂ ਨੂੰ ਲੈ ਕੇ ਉਹ ਦੂੱਜੇ ਰਾਜਾਂ ਵਿੱਚ ਵੀ ਜਾਂਦਾ ਹੈ, ਇਸ ਤੋਂ ਅਲਾਵਾ ਉਹ ਸ਼ਾਮਲਾਤ ਜ਼ਮੀਨ ਉਤੇ ਨਾਜਾਇਜ਼ ਕਾਬਜ਼ ਵੀ ਹੈ। ਮਲਕੀਤ ਖ਼ਾਨ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਧੋਖੇਬਾਜ਼ ਅਵਤਾਰ ਸਿੰਘ ਦੇ ਨਾਲ ਨਾਲ ਉਸਦਾ ਨੀਲਾ ਕਾਰਡ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਲਕੀਤ ਖ਼ਾਨ ਦੀ ਸ਼ਿਕਾਇਤ ਉਤੇ ਪੜਤਾਲ ਐਸ.ਪੀ ਇਨਵੈਸੀਟੀਗੇਸ਼ਨ ਨੂੰ ਸੌਂਪੀ ਗਈ। ਪੜਤਾਲ ਵਿੱਚ ਦਫਤਰ ਫੂਡ ਤੇ ਸਿਵਿਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਅਤੇ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਮਲਕੀਤ ਖ਼ਾਨ ਦੀ ਸ਼ਿਕਾਇਤ ਸਹੀ ਹੈ, ਦੋਸ਼ੀ ਅਵਤਾਰ ਸਿੰਘ ਗ਼ਰੀਬ ਨਹੀਂ ਹੈ ਅਤੇ ਨਾ ਹੀ ਉਹ ਸਰਕਾਰ ਦੀ ਆਟਾ ਦਾਲ ਸਕੀਮ ਦਾ ਲਾਭ ਲੈਣ ਦੇ ਯੋਗ ਹੈ। ਸਾਰੇ ਤੱਥਾਂ ਦੀ ਘੋਖ ਕਰਕੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਅਵਤਾਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਉਸ ਵਿਰੁੱੱਧ ਪੁਲਿਸ ਵੱਲੋਂ ਧੋਖਾਧੜੀ ਦੀ ਧਾਰਾ 420 ਅਧੀਨ ਮਾਮਲਾ ਦਰਜ਼ ਕੀਤਾ ਗਿਆ ਅਤੇ ਲੰਬੀ ਮੁਕੱਦਮੇਬਾਜ਼ੀ ਤੋਂ ਬਾਅਦ ਮਾਣਯੋਗ ਅਦਾਲਤ ਨੇ ਵੀ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਧਰਮਕੋਟ (ਝੰਬੋ) ਨੂੰ ਦੋਸ਼ੀ ਮੰਨਦੇ ਹੋਏ 2 ਸਾਲ ਦੀ ਕੈਦ ਦੀ ਸਜ਼ਾ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਦਿੱਤੀ ਹੈ।

???? ਮਲਕੀਤ ਖਾਨ ਦੀ ਮੰਗ “ਝੂਠੇ ਤੱਥਾਂ ਦੇ ਆਧਾਰ ‘ਤੇ ਨੀਲਾ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਤੇ ਸਰਪੰਚ ਵਿਰੁੱਧ ਵੀ ਹੋਵੇ ਕਾਰਵਾਈ”*

   ਮਾਣਯੋਗ ਅਦਾਲਤ ਨੇ ਗਲਤ ਤੱਥਾਂ ਦੇ ਆਧਾਰ ‘ਤੇ ਨੀਲਾ ਕਾਰਡ ਬਣਵਾਉਣ ਵਾਲੇ ਦੋਸ਼ੀ ਅਵਤਾਰ ਸਿੰਘ ਨੂੰ ਭਾਂਵੇਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ, ਪਰ ਸ਼ਿਕਾਇਤਕਰਤਾ ਨੰਗ ਪੈਰੀਆ ਬਾਬਾ ਮਲਕੀਤ ਖ਼ਾਨ ਅਜੇ ਸੰਤੁਸ਼ਟ ਨਹੀਂ ਹੈ। ਉਹ ਚਾਹੁੰਦਾ ਹੈ ਕਿ ਅਯੋਗ ਲੋਕਾਂ ਨੂੰ ਸਰਕਾਰੀ ਸਹੂਲਤਾਂ ਤੇ ਲਾਭ ਦਵਾਉਣ ਵਾਲੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਭੱਵਿਖ ਵਿੱਚ ਕੋਈ ਵੀ ਵਿਅਕਤੀ ਗਲਤ ਹੱਥਕੰਡੇ ਅਪਣਾ ਕੇ ਸਰਕਾਰ ਨੂੰ ਚੂਨਾ ਲਾਉਣ ਦੀ ਹਿੰਮਤ ਨਾ ਕਰ ਸਕੇ ਅਤੇ ਨਾ ਹੀ ਸਰਕਾਰੀ ਅਧਿਕਾਰੀ ਰਿਸ਼ਵਤਾਂ ਲੈ ਕੇ ਗ਼ੈਰ ਕਾਨੂੰਨੀ ਕੰਮ ਕਰਨ ਦੀ ਹਿੰਮਤ ਕਰ ਸਕਣ।
ਮਲਕੀਤ ਖ਼ਾਨ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਕੋਸ਼ਿਸ਼ ਕਰਦਾ ਰਹੇਗਾ।

???? ਪਿੰਡ ਬਲੀਪੁਰ ਦੇ ਗੁਰਮੇਲ ਸਿੰਘ ਵਿਰੁੱਧ ਵੀ ਦਰਜ਼ ਹੋਇਆ ਸੀ ਨੀਲੇ ਕਾਰਡ ਸਬੰਧੀ ਮਾਮਲਾ

  ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ –    ਗਰੀਬਾਂ ਨੂੰ ਦਿੱਤੇ ਜਾਣ ਵਾਲੀ ਆਟਾ ਦਾਲ ਸਕੀਮ ਤਹਿਤ ਨੀਲਾ ਕਾਰਡ ਬਣਾਏ ਜਾਣ ਦਾ ਇੱਕ ਮਾਮਲਾ ਪਿੰਡ ਬਲੀਪੁਰ ਕੇ ਗੁਰਮੇਲ ਸਿੰਘ ਵਿਰੁੱਧ ਵੀ ਸਾਲ 2016 ਵਿੱਚ ਥਾਣਾ ਪਸਿਆਣਾ ਵਿਖੇ ਦਰਜ਼ ਹੋਇਆ ਸੀ। ਇਸ ਸਬੰਧੀ ਦਰਜ਼ ਐਫ.ਆਈ.ਆਰ ਨੰਬਰ 112 ਮਾਮਲੇ ਵਿੱਚ ਗੁਰਮੇਲ ਸਿੰਘ ਨੇ ਅਦਾਲਤ ਤੋਂ ਜ਼ਮਾਨਤ ਵੀ ਕਰਵਾ ਲਈ ਸੀ। ਕਈ ਸਿਆਸੀ ਲੋਕਾਂ ਦੀ ਦਖ਼ਲਅੰਦਾਜ਼ੀ ਕਾਰਨ ਇਹ ਮਾਮਲਾ ਕਾਫੀ ਸਮਾਂ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਦਬਾ ਕੇ ਵੀ ਰੱਖਿਆ ਗਿਆ ਸੀ। ਇਹ ਮਾਮਲਾ ਵੀ ਗਲਤ ਢੰਗ ਨਾਲ ਸਰਕਾਰੀ ਸਸਤੇ ਰਾਸ਼ਨ ਵਾਲੀ ਆਟਾ ਦਾਲ ਸਕੀਮ ਤਹਿਤ ਲਾਭ ਲੈਣ ਦਾ ਸੀ ਜਿਸਦੀ ਪੜਤਾਲ ਮਗਰੋਂ ਪਿੰਡ ਬਲੀਪੁਰ ਦੇ ਗੁਰਮੇਲ ਸਿੰਘ ਆਦਿ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ।

ਦੱਸ ਦੇਈਏ ਕਿ ਸਾਲ 2016 ਵਿੱਚ ਮਾਮਲਾ ਦਰਜ ਹੋਇਆ ਸੀ ਜੋਕਿ ਬੀਤੇ ਸਾਲ 30 ਮਈ 2022 ਨੂੰ ਇਸ ਕਰਕੇ ਖ਼ਤਮ ਹੋ ਗਿਆ ਕਿ ਦੋਸ਼ੀ ਗੁਰਮੇਲ ਸਿੰਘ ਦੀ ਮੌਤ ਹੋ ਗਈ।

???? ਨਿਊਜ਼ ਲਾਈਨ ਐਕਸਪ੍ਰੈਸ ਅਖ਼ਬਾਰ ਨੇ ਚੁੱਕਿਆ ਸੀ ਨੀਲੇ ਕਾਰਡ ਸਬੰਧੀ ਮਾਮਲਾ

ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਸਾਲ 2016-2017 ਵਿੱਚ ਗ਼ਰੀਬਾਂ ਦੀ ਸਹੂਲੀਅਤ ਲਈ ਚਲਾਈ ਗਈ ਆਟਾ ਸਾਲ ਸਕੀਮ ਲਈ ਅਯੋਗ ਤੇ ਅਮੀਰ ਲੋਕਾਂ ਦੇ ਬਣਾਏ ਕਾਰਡਾਂ ਸੰਬੰਧੀ ਮੁੱਦਾ ਨਿਊਜ਼ਲਾਈਨ ਐਕਸਪ੍ਰੈਸ ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ। ਪ੍ਰੰਤੂ ਵੋਟਾਂ ਵਟੋਰਨ ਦੇ ਚੱਕਰ ਵਿੱਚ ਸਿਆਸੀ ਆਗੂਆਂ ਤੇ ਲਾਪਰਵਾਹ ਤੇ ਭ੍ਰਿਸ਼ਟ ਅਫ਼ਸਰਾਂ ਨੇ ਟਾਲ ਮਟੋਲ ਕਰ ਕਰ ਕੇ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦਬਾਈ ਰੱਖਿਆ। ਬਲੀਪੁਰ ਆਦਿ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਦੀਆਂ ਬੋਲੀਆਂ ਦੇ ਘਪਲੇ ਦੇ ਮੁੱਦੇ ਵੀ ਚੁੱਕੇ, ਪਰ ਸਿਆਸੀ ਲੋਕਾਂ ਤੇ ਭ੍ਰਿਸ਼ਟ ਅਫ਼ਸਰਾਂ ਨੇ ਕਾਨੂੰਨੀ ਪ੍ਰਕਿਰਿਆ ਵਿਚ ਉਲਝਾ ਕੇ ਮਾਮਲਾ ਲਟਕਾਈ ਰੱਖਿਆ। ਇਨ੍ਹਾਂ ਲੋਕਾਂ ਕਾਰਨ ਹੀ ਪੰਜਾਬ ਵਿੱਚੋਂ ਅੱਜ ਤੱਕ ਨਾ ਤਾਂ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਸਕਿਆ ਤੇ ਨਾ ਹੀ ਲਾਲਚੀ ਤੇ ਧੋਖੇਬਾਜ਼ ਲੋਕਾਂ ਵਿਰੁੱਧ ਕਾਰਵਾਈ। ਰੱਬ ਜਾਣੇ ਕੀ ਬਣੂੰ ਦੁਨੀਆ ਦਾ..’ ।

Related Articles

Leave a Comment