???? ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
???? ਪਟਿਆਲਾ ਸ਼ਹਿਰ ਵਿੱਚ ਵੀ ਕਈ ਥਾਂਵਾਂ ਵਿਖੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ ; ਖੂਬਸੂਰਤ ਰੌਸ਼ਨੀਆਂ ਤੇ ਫੁੱਲਾਂ ਨਾਲ ਸਜਾਏ ਮੰਦਰ ਤੇ ਸਕੂਲ
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ‘ਚ ਮਨਮੋਹਕ ਝਾਂਕੀਆਂ ਅਤੇ ਧਾਰਮਿਕ ਭਜਨਾਂ ‘ਤੇ ਬੱਚਿਆਂ ਦੇ ਖੂਬਸੂਰਤ ਨ੍ਰਿਤ ਬਣੇ ਖਿੱਚ ਦਾ ਕੇਂਦਰ
ਪਟਿਆਲਾ, 8 ਸਤੰਬਰ – ਸੁਨੀਤਾ ਵਰਮਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਰਤ ਭਰ ਵਿੱਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਦੇ ਸਾਰੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਬੜੀ ਸ਼ਰਧਾ ਦੇ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੁੱਜਾ ਕੀਤੀ ਗਈ, ਮੰਦਰਾਂ ਵਿੱਚ ਝਾਂਕੀਆਂ ਤੇ ਹੰਡੋਲੇ ਸਜਾਏ ਗਏ। ਕਈ ਥਾਂਵਾਂ ‘ਤੇ ਧਾਰਮਿਕ ਭਜਨ, ਸੰਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਸ਼ਰਧਾਲੂ ਪ੍ਰਭੂ ਭਗਤੀ ਵਿੱਚ ਮਸਤ ਹੋ ਕੇ ਖੂਬ ਨੱਚਦੇ ਦੇਖੇ ਗਏ। ਕਈ ਸ਼ਰਧਾਲੂ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਹੰਡੋਲੇ ਸਜ਼ਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਭਗਤੀ ਕੀਤੀ।
ਸ਼ਾਹੀ ਸ਼ਹਿਰ ਪਟਿਆਲਾ ਵਿੱਚ ਮੰਦਰਾਂ ਤੋਂ ਇਲਾਵਾ ਕਈ ਸਕੂਲਾਂ ਵਿੱਚ ਵੀ ਇਹ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਇਹ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਇਹ ਤਿਉਹਾਰ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਝਾਂਕੀਆਂ ਤੋਂ ਅਲਾਵਾ ਖੂਬਸੂਰਤ ਸਟੇਜ ਪ੍ਰੋਗਰਾਮ ਵੀ ਦੇਰ ਰਾਤ ਤੱਕ ਲਗਾਤਾਰ ਚੱਲਦਾ ਰਿਹਾ। ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਬੜੇ ਉਤਸਾਹ ਨਾਲ ਵੱਖ ਵੱਖ ਧਾਰਮਿਕ ਗੀਤਾਂ ਉਤੇ ਡਾਂਸ ਕੀਤਾ ਗਿਆ ਜਿਸਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਸਟੇਜ ਪ੍ਰੋਗਰਾਮ ਮੌਕੇ ਬੱਚਿਆਂ ਦੀ ਪੇਸ਼ਕਾਰੀ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਸੰਬਧੀ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਨ੍ਰਿਤ ਪੇਸ਼ ਕੀਤੇ ਜੋਕਿ ਸ਼ਰਧਾਲੂਆਂ ਦੀ ਭਾਰੀ ਖਿੱਚ ਦਾ ਕਾਰਨ ਬਣੇ ਅਤੇ ਜਿਸਦੀ ਹਰ ਵਿਅਕਤੀ ਨੇ ਭਰਪੂਰ ਪ੍ਰਸ਼ੰਸਾ ਕੀਤੀ।
ਉਪਰੋਕਤ ਤੋਂ ਇਲਾਵਾ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸੱਦੇ ਉੱਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪਟਿਆਲਾ ਆਸ਼ਰਮ ਤੋਂ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਾਧੂ ਸਾਧਵੀਆਂ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਚਾਰ ਚੰਨ ਲਾ ਦਿੱਤੇ। ਆਪਣੇ ਪ੍ਰਵਚਨਾਂ ਨਾਲ ਉਨ੍ਹਾਂ ਨੇ ਸਮੂਹ ਦਰਸ਼ਕਾਂ ਤੇ ਸ਼ਰਧਾਲੂਆਂ ਨੂੰ ਪ੍ਰਭੂ ਭਗਤੀ ‘ਚ ਲੀਨ ਕਰ ਦਿੱਤਾ। ਇਸ ਮੌਕੇ ‘ਤੇ ਦਿਵਿਯਾ ਜੋਤੀ ਸੰਸਥਾਨ ਤੋਂ ਸੰਤ ਸ਼੍ਰੀ ਗਿਆਨੇਸ਼ਾ ਨੰਦ ਜੀ ਮਹਾਰਾਜ ਤੇ ਸਾਧਵੀ ਸੋਮਿਆ ਭਾਰਤੀ ਜੀ ਵੱਲੋਂ ਅਧਿਆਤਮਿਕ ਪ੍ਰਵਚਨ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਨਾਲ ਸਬੰਧਿਤ ਸੁਰੀਲੇ ਭਜਨਾਂ ਰਾਹੀਂ ਸਤਿਸੰਗ ਕੀਤਾ ਗਿਆ।
ਇਸ ਮੌਕੇ ਪਹੁੰਚੇ ਲੋਕਾਂ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਲਈ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਬੰਧਕਾਂ, ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਕੀਤੇ ਇੰਤਜ਼ਾਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖੂਬ ਆਨੰਦ ਮਾਣਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਵਿਪਿਨ ਸ਼ਰਮਾ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਚੱਲਿਆ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਕੂਲ ਮੈਨੇਜਮੈਂਟ, ਅਧਿਆਪਕਾਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਤਿਆਰੀਆਂ ਕੀਤੀਆਂ ਸਨ ਜਿਸ ਸਦਕਾ ਇਹ ਪ੍ਰੋਗਰਾਮ ਬਹੁਤ ਵਧੀਆ ਤੇ ਯਾਦਗਾਰੀ ਹੋ ਨਿਬੜਿਆ।
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪੇਰੈਂਟਸ ਐਸੋਸੀਏਸ਼ਨ ਵੱਲੋਂ ਵੀ ਪੱਤਰਕਾਰ ਸ੍ਰੀ ਅਸ਼ੋਕ ਵਰਮਾ ਦੀ ਅਗਵਾਈ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਸਮੇਤ, ਪ੍ਰਧਾਨ ਸ੍ਰੀ ਵਿਪਿਨ ਸ਼ਰਮਾ, ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ, ਸਮੂਹ ਅਧਿਆਪਕ ਤੇ ਸਟਾਫ਼ ਦੀ ਸਾਂਝੀ ਮਿਹਨਤ ਨਾਲ ਕੀਤੇ ਪ੍ਰਬੰਧਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਤਾਰੀਫ਼ ਕੀਤੀ।
ਜ਼ਿਕਰਯੋਗ ਹੈ ਕਿ ਅੱਜ ਦੇ ਵਿਸ਼ੇਸ਼ ਦਿਹਾੜੇ ਲਈ ਸਕੂਲ ਨੂੰ ਸੁੰਦਰ ਰੋਸ਼ਨੀਆਂ ਨਾਲ ਸੁੰਦਰਤਾ ਨਾਲ ਸਜਾਇਆ ਗਿਆ ਅਤੇ ਸਭ ਲਈ ਤਰ੍ਹਾਂ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤਾਂ ਸਮੇਤ ਰਾਤਰੀ ਭੋਜ ਅਤੇ ਫਲਾਂ ਦੇ ਪ੍ਰਸਾਦ ਦਾ ਪ੍ਰਬੰਧ ਕੀਤਾ ਗਿਆ ਸੀ।
ਅੱਜ ਦੇ ਵਿਸ਼ੇਸ਼ ਸਮਾਰੋਹ ਮੌਕੇ ਸਕੂਲ ਸਭਾ ਦੇ ਪ੍ਰਧਾਨ ਸ਼੍ਰੀ ਵਿਪਨ ਸ਼ਰਮਾ, ਉਪ ਪ੍ਰਧਾਨ ਸ਼੍ਰੀ ਗਿਆਨ ਚੰਦ ਰਤਨ, ਸਕੱਤਰ ਸ੍ਰੀ ਅਮਿਤ ਜਿੰਦਲ, ਮਲਹੋਤਰਾ ਜੀ ਅਤੇ ਸਭਾ ਦੇ ਹੋਰ ਉੱਘੇ ਮੈਂਬਰ ਸਾਹਿਬਾਨਾਂ ਸਮੇਤ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ ਸ੍ਰੀ ਕ੍ਰਿਸ਼ਨ ਲੀਲਾਵਾਂ ਦਾ ਆਨੰਦ ਮਾਨਣ ਆਏ ਸਮੂਹ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਸਕੂਲ ਸਭਾ ਦੇ ਸਭ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।
Newsline Express