???? ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਧੂਰੀ ਵਿੱਚ ਪੀਣ ਵਾਲੇ ਪਾਣੀ ਦੀ ਘਾਟ ; ਸੜਕਾਂ ਉਤੇ ਗੰਦੇ ਪਾਣੀ ਦੀ ਭਰਮਾਰ
???? ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਵਫ਼ਦ ਨੇ ਡੀ.ਸੀ. ਸੰਗਰੂਰ ਨੂੰ ਲਈ ਗੁਹਾਰ
ਸੰਗਰੂਰ, 15 ਦਸੰਬਰ / ਨਿਊਜ਼ਲਾਈਨ ਐਕਸਪ੍ਰੈਸ –
ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਧੂਰੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਘਾਟ, ਕਈ ਵਾਰਡਾਂ ਵਿੱਚ ਸੀਵਰੇਜ ਡਿਸਪੋਜਲ ਦੇ ਨਾਸਕ ਪ੍ਰਬੰਧਾਂ ਕਾਰਨ ਸੜਕਾਂ ‘ਤੇ ਗੰਦਾ ਪਾਣੀ ਨਾਲ ਬਿਮਾਰੀ ਫੈਲਣ ਦੇ ਡਰ ਤੋਂ ਜਾਣੂ ਕਰਵਾਉਣ ਅਤੇ ਫੌਰਨ ਸਮੱਸਿਆ ਦਾ ਹੱਲ ਕਰਨ ਲਈ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਧੂਰੀ ਦਾ ਇੱਕ ਵਿਸ਼ਾਲ ਵਫ਼ਦ ਪ੍ਰਧਾਨ ਜਗਦੀਸ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਅਤੇ ਸਾਰੀਆਂ ਸਮਸਿਆਵਾਂ ਦਾ ਖੁਲਾਸਾ ਕੀਤਾ।
ਇਸ ਸੰਬੰਧੀ ਜਨਰਲ ਸਕੱਤਰ ਸਰਬਜੀਤ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਪ੍ਰੇਮ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੇ 15 ਟਿਊਬਵੈਲ਼ ਹਨ ਜੋ ਬਹੁਤ ਘੱਟ ਪਾਣੀ ਦਿੰਦੇ ਹਨ ਜਦਕਿ ਸ਼ਹਿਰ ਦੇ ਪਾਰਕ ਵਾਲਾ ਟਿਊਬਵੈਲ ਕਈ ਸਾਲਾਂ ਤੋਂ ਬੰਦ ਪਿਆ ਹੈ। ਤੋਤਾਪੁਰੀ ਰੋਡ ਦੇ ਵਸਨੀਕ ਤਾਂ ਕਈ ਦਿਨਾਂ ਤੋਂ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਦੀਆਂ ਦੇ ਮਹੀਨੇ ਵਿੱਚ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਤਾਂ ਗਰਮੀਆਂ ਵਿੱਚ ਤਾਂ ਲੋਕਾਂ ਦੀਆਂ ਜੀਭਾਂ ਬਾਹਰ ਨਿਕਲ ਆਉਣ ਦਾ ਡਰ ਹੈ। ਇਸੇ ਤਰ੍ਹਾਂ ਸ਼ੁਗਰ ਮਿੱਲ ਕਲੋਨੀ, ਧਰਮਪੁਰਾ, ਕਾਰਖਾਨਾ-1 ਆਦਿ ਵਾਰਡ ਦੇ ਸੀਵਰੇਜਾਂ ਦੀ ਡਿਸਪੋਜਲ ਨਾ ਹੋਣ ਕਰਕੇ ਗੰਦਾ ਪਾਣੀ ਸੜਕ ਉਤੇ ਆ ਜਾਂਦਾ ਹੈ ਅਤੇ ਬਦਬੂ ਮਾਰਦੀ ਹੈ ਅਤੇ ਬਿਮਾਰੀ ਫੈਲਣ ਦਾ ਡਰ ਹੈ। ਸੰਬੰਧਤ ਅਧਿਕਾਰੀਆਂ ਵੱਲੋਂ ਕੋਈ ਪ੍ਰਬੰਧ ਨਾ ਕਰਨ ਕਰਕੇ ਲੋਕਾਂ ਵਿੱਚ ਬਹੁਤ ਰੋਸ਼ ਅਤੇ ਰੋਹ ਫੈਲ ਗਿਆ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਸੀ.ਐਮ. ਸਿਟੀ ਧੂਰੀ ਦੇ ਨਿਵਾਸੀਆਂ ਲਈ ਬਿਨਾਂ ਰੋਕ ਪੀਣ ਵਾਲੇ ਪਾਣੀ ਦਾ ਪ੍ਰਬੰਧ ਫੌਰਨ ਕੀਤਾ ਜਾਵੇ ਅਤੇ ਸੀਵਰੇਜ ਡਿਸਪੋਜਲ ਸਿਸਟਮ ਨੂੰ ਠੀਕ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਜੁੰਮੇਵਾਰ ਠਹਿਰਾਇਆ ਜਾਵੇ।
ਡਿਪਟੀ ਕਮਸ਼ਿਨਰ ਵੱਲੋਂ ਵਫ਼ਦ ਨੂੰ ਮੁਸ਼ਕਿਲਾਂ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਚਰਨਜੀਤ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਵਾਲੀਆ ਅਤੇ ਹੋਰ ਹਾਜ਼ਰ ਸਨ। Newsline Express