???? ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਘਰ ਵਿੱਚ ਵੜ੍ਹ ਕੇ 28 ਲੱਖ ਰੁਪਏ ਦੀ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ
???? 28 ਵਿਚੋਂ 26 ਲੱਖ ਰੁਪਏ ਵੀ ਬਰਾਮਦ
ਪਟਿਆਲਾ, 7 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਜਿਲ੍ਹਾ ਦੇ ਘੱਗਾ ਇਲਾਕੇ ਦੇ ਇੱਕ ਵਪਾਰੀ ਸੰਜੀਵ ਕੁਮਾਰ ਦੇ ਘਰੋਂ 4 ਫਰਵਰੀ ਦੀ ਦਰਮਿਆਨੀ ਰਾਤ ਨੂੰ 28 ਲੱਖ ਰੁਪਏ ਦੀ ਚੋਰੀ ਕਰਨ ਵਾਲੇ 5 ਦੋਸ਼ੀਆਂ ਨੂੰ ਜ਼ਿਲ੍ਹਾ ਪਟਿਆਲਾ ਪੁਲਿਸ ਦੀ ਟੀਮ ਨੇ ਕਾਬੂ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਘਟਨਾ ਦਾ ਖੁਲਾਸਾ ਕਰ ਦਿੱਤਾ ਹੈ।
ਅੱਜ ਪਟਿਆਲਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਸ੍ਰੀ ਯੋਗੇਸ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਜਸਵੀਰ ਸਿੰਘ ਪੀਪੀਐਸ, ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਪਟਿਆਲਾ, ਪਵਨਜੀਤ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਦਲਜੀਤ ਸਿੰਘ ਵਿਰਕ, ਪੀਪੀਐੱਸ, ਉਪ ਕਪਤਾਨ ਪੁਲਿਸ ਪਾਤੜਾਂ ਦੀ ਯੋਗ ਅਗਵਾਈ ਵਿਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ, ਸਬ- ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ, ਐਸ.ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਘੱਗਾ ਅਤੇ ਐਸ.ਆਈ ਯਸ਼ਪਾਲ ਮੁੱਖ ਅਫਸਰ ਥਾਣਾ ਸ਼ੁਤਰਾਣਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿੰਨ੍ਹਾ ਵੱਲੋਂ ਅੱਜ, 7 ਫਰਵਰੀ ਨੂੰ ਮੁੱਖਬਰੀ ਦੇ ਅਧਾਰ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ।ਇਸ ਵਾਰਦਾਤ ਵਿੱਚ ਹੁਣ ਤੱਕ 5 ਦੋਸੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ 1 ਮੋਟਰਸਾਇਕਲ, 1 ਏਅਰ ਪਿਸਟਲ ਅਤੇ ਚੋਰੀ ਕੀਤੇ 26 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਅੱਗੇ ਦੱਸਿਆ ਕਿ ਦੋਸ਼ੀ, ਬੀਤੀ 4 ਫਰਵਰੀ ਨੂੰ ਸੰਜੀਵ ਕੁਮਾਰ ਵਾਸੀ ਘੱਗਾ ਦੇ ਘਰੋਂ 28 ਲੱਖ ਰੁਪਏ ਚੋਰੀ ਕਰਕੇ ਲੈ ਗਏ ਸੀ, ਜਿੰਨ੍ਹਾ ਨੂੰ ਮੁਖਬਰੀ ਦੇ ਆਧਾਰ ਉਤੇ ਦੋਸ਼ੀਆਂ ਅਮਰੀਕ ਸਿੰਘ ਪੁੱਤਰ ਨਾਮਾ ਰਾਮ ਵਾਸੀ ਵਾਰਡ ਨੰਬਰ 6, ਬਾਜੀਗਰ ਬਸਤੀ ਘੱਗਾ, ਥਾਣਾ ਘੱਗਾ, ਦੇਬੂ ਰਾਮ ਪੁੱਤਰ ਇੱਛਰੂ ਰਾਮ ਵਾਸੀ ਜੱਟ ਵਾਰਡ ਨੰਬਰ 7, ਬਾਜੀਗਰ ਬਸਤੀ ਘੱਗਾ, ਥਾਣਾ ਘੱਗਾ, ਬੰਟੀ ਪੁੱਤਰ ਦੇਸ ਰਾਜ ਵਾਸੀ ਵਾਰਡ ਨੰਬਰ 6, ਬਾਜੀਗਰ ਬਸਤੀ ਘੱਗਾ ਥਾਣਾ ਘੱਗਾ, ਰਮੇਸ਼ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਵਾਰਡ ਨੰਬਰ 7, ਬਾਜੀਗਰ ਬਸਤੀ ਘੱਗਾ ਅਤੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਫਰੀਦ ਰਾਮ ਵਾਸੀ ਬਾਜੀਗਰ ਬਸਤੀ ਪਿੰਡ ਅਤਾਲਾ ਥਾਣਾ ਘੱਗਾ ਨੂੰ ਰੈਸਟ ਹਾਊਸ ਪਿੰਡ ਦੇਧਨਾ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚ ਵਾਰਦਾਤ ਦੌਰਾਨ ਵਰਤਿਆ ਮੋਟਰਸਾਇਕਲ ਅਤੇ ਏਅਰ ਪਿਸਟਲ ਦੀ ਬਰਾਮਦਗੀ ਹੋਈ ਹੈ ਅਤੇ ਇਹਨਾਂ ਦੀ ਨਿਸ਼ਾਨਦੇਹੀ ਉਤੇ ਚੋਰੀ ਕੀਤੇ 28 ਲੱਖ ਵਿਚੋਂ 26 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਮੁਦਈ ਮੁਕੱਦਮਾ ਸੰਜੀਵ ਕੁਮਾਰ ਦੀ ਕਰਿਆਨੇ ਦੀ ਦੁਕਾਨ ਉਤੇ ਕਰੀਬ 10 ਸਾਲ ਤੋਂ ਕੰਮ ਕਰ ਰਹੇ ਨੋਕਰ ਜਗਦੇਵ ਸਿੰਘ ਉਰਫ ਜੱਗਾ ਦੀ ਮਿਲੀਭੁਗਤ ਨਾਲ ਆਪਣੇ ਮਾਸੀ ਦੇ ਲੜਕੇ ਅਮਰੀਕ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਤਬੰਦੀ ਬਣਾ ਕੇ ਅਮਰੀਕ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੀਤੀ 3/4 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸੰਜੀਵ ਕੁਮਾਰ ਦੇ ਘਰੋਂ 28 ਲੱਖ ਰੁਪਏ ਦੀ ਚੋਰੀ ਕੀਤੀ।
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
