-10 ਬੇਘਰੇ ਲਾਭਪਾਤਰੀਆਂ ਨੂੰ ਬਸੇਰਾ ਸਕੀਮ ਤਹਿਤ ਘਰਾਂ ਦੇ ਮਾਲਕਾਨਾ ਹੱਕ ਪੱਤਰ ਵੀ ਸੌਂਪੇ
-ਕੈਪਟਨ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ-ਪ੍ਰਨੀਤ ਕੌਰ
ਪਟਿਆਲਾ, 16 ਜੁਲਾਈ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਨਗਰ ਨਿਗਮ ਪਟਿਆਲਾ ਵਿਖੇ ਸ਼ਹਿਰ ਦੇ 46 ਐਸ.ਸੀ. ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਲਈ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਵਿਭਾਗ ਵੱਲੋਂ ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਰਿਕਸ਼ਾ ਰੇਹੜੀਆਂ ਵੰਡੀਆਂ। ਉਨ੍ਹਾਂ ਨੇ ਨਾਲ ਹੀ ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ ਰੰਗੇ ਸ਼ਾਹ ਕਲੋਨੀ ਅਤੇ ਰੋੜੀਕੁਟ ਮੁਹੱਲੇ ਦੇ 10 ਵਸਨੀਕਾਂ ਨੂੰ ਮਾਲਕਾਨਾ ਹੱਕ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਤੇ ਹੋਰ ਆਗੂ ਵੀ ਮੌਜੂਦ ਸਨ।
ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਪੁਗਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਅਨੁਸੂਚਿਤ ਜਾਤੀ ਦੇ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੁੱਕਣ ਅਤੇ ਉਨ੍ਹਾਂ ਨੂੰ ਆਪਣਾ ਸਵੈ ਰੋਜ਼ਗਾਰ ਕਰਨ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਸੰਸਦ ਮੈਂਬਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 80 ਲੱਖ ਰੁਪਏ ਦੀ ਲਾਗਤ ਨਾਲ 920 ਐਸ.ਸੀ. ਲਾਭਪਾਤਰੀਆਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਘਰ-ਘਰ ਰੋਜ਼ਗਾਰ ਤਹਿਤ ਸਿਲਾਈ ਮਸ਼ੀਨਾਂ, ਸਪਰੇਅ ਪੰਪ ਅਤੇ ਰਿਕਸ਼ਾ ਰੇਹੜੀਆਂ ਵੰਡੀਆਂ ਜਾ ਰਹੀਆਂ ਹਨ। ਜਿਸ ਤਹਿਤ ਹੁਣ ਤੱਕ 231 ਰਿਕਸ਼ਾ ਰੇਹੜੀਆਂ ਵੰਡੀਆ ਜਾ ਚੁੱਕੀਆਂ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗਰੀਬ ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ‘ਬਸੇਰਾ ਸਕੀਮ’ ਸ਼ੁਰੂ ਕਰਕੇ ਦਹਾਕਿਆਂ ਤੋਂ ਵਸੇ ਲੋੜਵੰਦਾਂ ਨੂੰ ਸਿਰ ‘ਤੇ ਪੱਕੀ ਛੱਤ ਮੁਹੱਈਆ ਕਰਵਾਈ ਹੈ। ਇਸ ਤਹਿਤ ਪਟਿਆਲਾ ਵਿਖੇ 2500 ਅਜਿਹੇ ਲਾਭ ਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵੱਖ-ਵੱਖ ਕਲੋਨੀਆਂ ਵਿਖੇ ਮਾਲਕਾਨਾ ਹੱਕ ਮਿਲਣਗੇ।
ਮੇਅਰ ਸ੍ਰੀ ਸੰਜੀਵ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਸ਼ਹਿਰ ‘ਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀਬਾ ਜੈ ਇੰਦਰ ਕੌਰ ਨੇ ਗਰੀਬ ਲੋਕਾਂ ਦੀ ਵਕਾਲਤ ਕਰਦਿਆਂ ਝੁੱਗੀ ਝੌਂਪੜੀਆਂ ‘ਚ ਰਹਿਣ ਵਾਲਿਆਂ ਨੂੰ ਘਰਾਂ ਦਾ ਮਾਲਕਾਨਾ ਹੱਕ ਦਿਵਾਇਆ ਹੈ।
ਇਸ ਮੌਕੇ ਮਾਲਕਾਨਾ ਹੱਕ ਹਾਸਲ ਕਰਨ ਵਾਲੇ ਲਾਭਪਾਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ‘ਬਸੇਰਾ ਸਕੀਮ’ ਤਹਿਤ ਦਿੱਤੇ ਮਾਲਕਾਨਾ ਹੱਕਾਂ ਨੇ ਜਿਥੇ ਉਨ੍ਹਾਂ ਦੇ ਸਿਰ ‘ਤੇ ਪੱਕੀ ਛੱਤ ਕੀਤੀ ਹੈ, ਉਥੇ ਹੀ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਦਿੱਤਾ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਮਹਿਲਾ ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਕਮਿਸ਼ਨਰ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ ਤੇ ਲਾਲ ਵਿਸ਼ਵਾਸ਼, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਅਤੁਲ ਜੋਸ਼ੀ, ਵੱਡੀ ਗਿਣਤੀ ਕੌਂਸਲਰ ਅਤੇ ਲਾਭਪਾਤਰੀ ਮੌਜੂਦ ਸਨ।