ਪਟਿਆਲਾ, 17 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇੱਥੇ ਦੀ ਰਾਜਿੰਦਰਾ ਝੀਲ ਦੀ ਪੁਨਰਸੁਰਜੀਤੀ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ‘ਚ ਭਾਖੜਾ ਮੇਨ ਲਾਈਨ ਨਹਿਰ ਦਾ ਪਾਣੀ ਛੱਡਿਆ ਗਿਆ ਸੀ। ਇਸ ਝੀਲ ‘ਚ ਕੁਝ ਮੱਛੀਆਂ ਮਰ ਜਾਣ ਦਾ ਮਾਮਲਾ ਧਿਆਨ ‘ਚ ਆਉਣ ਤੋਂ ਬਾਅਦ ਇਸ ਮਾਮਲੇ ਦੀ ਘੋਖ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਪਤਾ ਲਗਾਇਆ ਗਿਆ ਹੈ। ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਝੀਲ ‘ਚ ਕੋਈ ਮੱਛੀ ਨਹੀਂ ਛੱਡੀ ਗਈ ਸਗੋਂ ਇਸ ਝੀਲ ‘ਚ ਨਹਿਰੀ ਪਾਣੀ ਪੈਣ ਕਾਰਨ, ਹੋ ਸਕਦਾ ਹੈ ਕਿ ਨਹਿਰ ਦੇ ਪਾਣੀ ਨਾਲ ਹੀ ਇਸ ਝੀਲ ਵਿੱਚ ਕੁਝ ਮੱਛੀਆਂ ਆ ਗਈਆਂ ਹੋਣ। ਸ੍ਰੀ ਪਵਨ ਕੁਮਾਰ ਦਾ ਕਹਿਣਾ ਸੀ ਕਿ ਮੌਜੂਦਾ ਸਮਾਂ ਮੱਛੀਆਂ ਦੇ ਪ੍ਰਜਨਣ ਦਾ ਸੀਜਨ ਹੋਣ ਕਰਕੇ ਇਨ੍ਹਾਂ ਮੱਛੀਆਂ ਦੀ ਤਾਦਾਦ ‘ਚ ਵਾਧਾ ਹੋਇਆ ਹੈ। ਪਰੰਤੂ ਬਰਸਾਤ ਦੇ ਮੌਸਮ ਕਰਕੇ ਹਵਾ ‘ਚ ਨਮੀ ਦੀ ਮਾਤਰਾ ਵਧੀ ਹੋਈ ਹੈ, ਜਿਸ ਕਰਕੇ ਝੀਲ ਦੇ ਪਾਣੀ ‘ਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਘਟ ਗਈ ਹੋਣ ਕਰਕੇ ਹੀ ਇਹ ਮੱਛੀਆਂ ਮਰੀਆਂ ਹਨ। ਇਸੇ ਦੌਰਾਨ ਜਲ ਨਿਕਾਸ ਵਿਭਾਗ ਦੇ ਚੀਫ਼ ਇੰਜੀਨੀਅਰ ਦਵਿੰਦਰ ਸਿੰਘ ਮੁਤਾਬਕ ਝੀਲ ‘ਚ ਫੁਹਾਰੇ ਵੀ ਲਗਾਤਾਰ ਚਲਾਏ ਜਾ ਰਹੇ ਹਨ ਤਾਂ ਕਿ ਝੀਲ ਦੇ ਪਾਣੀ ‘ਚ ਸਾਫ਼ ਹਵਾ ਦਾ ਪੱਧਰ ਵਧ ਸਕੇ। ਇਸ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਦੀ ਸਲਾਹ ਮੁਤਾਬਕ ਹੀ ਝੀਲ ਦੇ ਪਾਣੀ ‘ਚ ਚੂਨਾ ਮਿਲਾਇਆ ਜਾ ਰਿਹਾ ਹੈ ਤਾਂ ਕਿ ਇਸ ਪਾਣੀ ‘ਚ ਘੁਲੀ ਹੋਈ ਆਕਸੀਜਨ ਵੀ ਵਧ ਸਕੇ ਤਾਂ ਕਿ ਮੱਛੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਝੀਲ ਦੇ ਪਾਣੀ ਦੀ ਸਫ਼ਾਈ ਵੀ ਕੀਤੀ ਜਾ ਰਹੀ ਹੈ।
previous post