???? ਹਿੰਦੂ ਸੰਗਠਨਾਂ ਨੇ ਬਲੂ ਸਟਾਰ ਆਪ੍ਰੇਸ਼ਨ ਦੇ ਜਾਂਬਾਜ਼ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
???? “ਅਸੀਂ ਕਿਸੇ ਵੀ ਧਰਮ ਜਾਂ ਫਿਰਕੇ ਦੇ ਖਿਲਾਫ ਨਹੀਂ ਹਾਂ, ਸਾਡਾ ਵਿਰੋਧ ਸਿਰਫ ਦੇਸ਼ ਵਿਰੋਧੀ ਅੱਤਵਾਦ ਦੇ ਖਿਲਾਫ ਹੈ ਜਿਸਦਾ ਸਖਤ ਵਿਰੋਧ ਕਰਦੇ ਰਹਾਂਗੇ, ਭਾਂਵੇਂ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ : ਪਵਨ ਗੁਪਤਾ
ਪਟਿਆਲਾ, 6 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪਹਿਲਾਂ ਕੀਤੇ ਐਲਾਨ ਅਨੁਸਾਰ ਅੱਜ ਪਟਿਆਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹਿੰਦੂ ਸੁਰੱਖਿਆ ਸਮਿਤੀ ਅਤੇ ਹੋਰ ਹਿੰਦੂ ਜਥੇਬੰਦੀਆਂ ਨਾਲ ਸਾਂਝੇ ਤੌਰ ਉੱਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 6 ਜੂਨ 1984 ਨੂੰ ਬਲੂ ਸਟਾਰ ਅਪਰੇਸ਼ਨ ਦੌਰਾਨ ਖਾਲਿਸਤਾਨੀ ਅੱਤਵਾਦੀਆਂ ਨਾਲ ਸੰਘਰਸ਼ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ, ਪਟਿਆਲਾ ਵਿਖੇ ਹਵਨ ਯੱਗ ਦਾ ਆਯੋਜਨ ਕਰਕੇ ਭਾਰਤ ਦੇ ਸਾਰੇ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸ਼ਰਧਾਂਜਲੀ ਸਮਾਰੋਹ ਦੀ ਪ੍ਰਧਾਨਗੀ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ ਨੇ ਸਾਂਝੇ ਤੌਰ ‘ਤੇ ਕੀਤੀ।
ਸਵੇਰੇ 10:30 ਵਜੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਵਰਕਰ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਪਰਿਸਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਜਿੱਥੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸੇਵਾਦਾਰਾਂ ਵੱਲੋਂ ਹਵਨ ਯੱਗ ਦੀਆਂ ਤਿਆਰੀਆਂ ਕੀਤੀਆਂ ਗਈਆਂ। ਇਸ ਹਵਨ ਯੱਗ ਨੂੰ ਸੰਪੰਨ ਕਰਨ ਲਈ ਪੰਡਿਤ ਬਦਰੀ ਪ੍ਰਸਾਦ ਦੀ ਅਗਵਾਈ ਵਿੱਚ ਪ੍ਰਸਿੱਧ ਵਿਦਵਾਨ ਪੰਡਿਤ ਹਾਜ਼ਰ ਸਨ।
ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਹੁੰਚਣ ਤੋਂ ਬਾਅਦ ਸਮੂਹ ਹਿੰਦੂ ਸੰਗਠਨਾਂ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਹਵਨ ਯੱਗ ਸ਼ੁਰੂ ਕੀਤਾ ਗਿਆ। ਇਸ ਹਵਨ ਯੱਗ ਵਿੱਚ ਹਾਜ਼ਰ ਸਮੂਹ ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਾਸਤਰਾਂ ਦੇ ਨਿਯਮਾਂ ਅਨੁਸਾਰ ਹਵਨ ਯਗ ਕੀਤਾ। ਹਵਨ ਯੱਗ ਦੀ ਸਮਾਪਤੀ ਉਪਰੰਤ ਆਰਤੀ ਕੀਤੀ ਗਈ ਅਤੇ ਭੋਗ ਪਾਉਣ ਉਪਰੰਤ ਪ੍ਰਸ਼ਾਦ ਵੰਡਿਆ ਗਿਆ।

6 ਜੂਨ 1984 ਦੇ ਬਲੂ ਸਟਾਰ ਆਪ੍ਰੇਸ਼ਨ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਅੱਤਵਾਦੀਆਂ ਵਿਰੁੱਧ ਲੜਾਈ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਦੇ ਸਮੂਹ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ ਨੇ ਕਿਹਾ ਕਿ ਅਸੀਂ ਉਨ੍ਹਾਂ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲ ਸਕਦੇ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਵਿੱਚ ਅਮਨ, ਭਾਈਚਾਰਾ ਅਤੇ ਸ਼ਾਂਤੀ ਹੈ, ਜੇਕਰ ਉਨ੍ਹਾਂ ਨੇ ਬਹਾਦਰੀ ਦੇ ਨਾਲ ਆਪਣੀ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਅੱਜ ਪੰਜਾਬ ਦੇਸ਼ ਤੋਂ ਵੱਖ ਹੋ ਜਾਣਾ ਸੀ ਤੇ ਪਾਕਿਸਤਾਨ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਂਦਾ।
ਉਨ੍ਹਾਂ ਚੋਣ ਪ੍ਰਚਾਰ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਪਟਿਆਲਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਆਏ ਤਾਂ ਪੰਜਾਬ ਦੇ ਉਨ੍ਹਾਂ ਹਿੰਦੂ ਸ਼ਹੀਦਾਂ ਨੂੰ ਯਾਦ ਤੱਕ ਨਹੀਂ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਹਿਸ਼ਤਗਰਦਾਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਸ ਕਾਰਨ ਆਮ ਹਿੰਦੂਆਂ ਵਿੱਚ ਭਾਰੀ ਰੋਸ ਹੈ।
ਅੱਜ ਦੇ ਸਮਾਰੋਹ ਦੇ ਅੰਤ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਜੈ-ਕਾਰਿਆਂ ਦੀ ਗੂੰਜ ਵਿੱਚ ਸਮੂਹ ਹਿੰਦੂ ਸੰਗਠਨਾਂ ਦੇ ਵਰਕਰਾਂ ਅਤੇ ਆਗੂਆਂ ਨੂੰ ਵੱਡੀ ਗਿਣਤੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 20 ਸਾਲ ਪਹਿਲਾਂ ਸਿਰਫ ਅੱਤਵਾਦੀ ਸ਼ਹੀਦ ਮੰਨੇ ਜਾਂਦੇ ਸਨ, ਸ਼ਹੀਦਾਂ ਦੇ ਤੌਰ ‘ਤੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਸੀ ਪਰ 6 ਜੂਨ 1984 ਦੇ ਬਲਿਊ ਸਟਾਰ ਅਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਦੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਯਾਦ ਨਹੀਂ ਕੀਤਾ ਜਾਂਦਾ ਸੀ ਤਾਂ ਮੈਂ ਅਜਿਹਾ ਕਰਨ ਦੀ ਪਹਿਲਕਦਮੀ ਕੀਤੀ। ਦੇਸ਼ ਦੇ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਜੋ 6 ਜੂਨ 1984 ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਅੱਤਵਾਦੀਆਂ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਅਸਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਪਰੰਪਰਾ ਦਲੇਰੀ ਨਾਲ ਸ਼ੁਰੂ ਕੀਤੀ ਅਤੇ ਜਿਸ ਪਰੰਪਰਾ ਦਾ ਨਿਰਵਾਹ ਅਸੀਂ ਕਈ ਸਾਲਾਂ ਤੱਕ ਅੰਮ੍ਰਿਤਸਰ ਵਿੱਚ ਕੀਤਾ। ਉਸ ਤੋਂ ਬਾਅਦ ਪੰਜਾਬ ਦੀਆਂ ਕਈ ਰਾਸ਼ਟਰਵਾਦੀ ਹਿੰਦੂ ਜਥੇਬੰਦੀਆਂ ਇਸ ਰਵਾਇਤ ਨਾਲ ਜੁੜ ਗਈਆਂ।
ਪਵਨ ਗੁਪਤਾ ਨੇ ਕਿਹਾ ਕਿ ਇਹ ਇਨ੍ਹਾਂ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਸ਼ਹਾਦਤ ਦਾ ਹੀ ਨਤੀਜਾ ਹੈ ਕਿ ਅੱਜ ਅੱਤਵਾਦ ਨੂੰ ਕੁਚਲ ਦਿੱਤਾ ਗਿਆ ਹੈ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਹੋ ਸਕਿਆ ਹੈ।
ਸ਼ਿਵ ਸੈਨਾ ਹਿੰਦੁਸਤਾਨ ਹਰ ਤਰ੍ਹਾਂ ਦੇ ਅੱਤਵਾਦ ਦਾ ਡਟਵਾਂ ਵਿਰੋਧ ਕਰਦੀ ਹੈ ਅਤੇ ਹਿੰਦੂ ਸਿੱਖ ਭਾਈਚਾਰੇ ਵਿੱਚ ਪੂਰਾ ਵਿਸ਼ਵਾਸ ਰੱਖਦੀ ਹੈ ਪਰ ਜੇਕਰ ਕੋਈ ਸਾਡੇ ਸਨਾਤਨ ਧਰਮ ਦਾ ਅਪਮਾਨ ਕਰਦਾ ਹੈ ਤਾਂ ਉਸਦਾ ਮੂੰਹ ਤੋੜਵਾਂ ਜਵਾਬ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ “ਅਸੀਂ ਕਿਸੇ ਵੀ ਧਰਮ ਜਾਂ ਫਿਰਕੇ ਦੇ ਖਿਲਾਫ ਨਹੀਂ ਹਾਂ, ਸਾਡਾ ਵਿਰੋਧ ਸਿਰਫ ਦੇਸ਼ ਵਿਰੋਧੀ ਅੱਤਵਾਦ ਦੇ ਖਿਲਾਫ ਹੈ ਅਤੇ ਅਸੀਂ ਇਸਦਾ ਸਖਤ ਵਿਰੋਧ ਕਰਦੇ ਰਹਾਂਗੇ, ਭਾਂਵੇਂ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ, ਸਾਨੂੰ ਕਿਸੇ ਵੀ ਤਰ੍ਹਾਂ ਦੇ ਅੱਤਵਾਦੀਆਂ ਤੋਂ ਕੋਈ ਡਰ ਨਹੀਂ ਹੈ, ਅਸੀਂ ਅੱਤਵਾਦ ਨਾਲ ਹਰ ਤਰ੍ਹਾਂ ਨਾਲ ਲੜਨ ਲਈ ਤਿਆਰ ਹਾਂ ਅਤੇ ਸਰਕਾਰ ਨੂੰ ਵੀ ਉਨ੍ਹਾਂ ਨੂੰ ਤਾਕਤ ਨਾਲ ਕੁਚਲਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਗੁਰਵੰਤ ਸਿੰਘ ਪੰਨੂ ਵਿਦੇਸ਼ੀ ਧਰਤੀ ‘ਤੇ ਬੈਠ ਕੇ ਡਾਲਰਾਂ ਦੇ ਲਾਲਚ ਦੇ ਨਾਂਅ ‘ਤੇ ਬਕਵਾਸ ਕਰਦਾ ਹੈ, ਪ੍ਰੰਤੁ ਸ਼ਿਵ ਸੈਨਾ ਹਿੰਦੂਸਤਾਨ ਅਤੇ ਸਮੂਹ ਹਿੰਦੂ ਸੰਗਠਨਾਂ ਨੂੰ ਇਸ ਡਰਪੋਕ ਦੀ ਕੋਈ ਪਰਵਾਹ ਨਹੀਂ ਹੈ। ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਹਿੰਦੁਸਤਾਨ ਆ ਕੇ ਦਿਖਾਵੇ, ਫਿਰ ਉਸ ਨੂੰ ਉਸ ਦੀ ਅਸਲੀ ਔਕਾਤ ਸਮਝ ਆ ਜਾਵੇਗੀ।
ਇਸ ਮੌਕੇ ਪਵਨ ਗੁਪਤਾ ਨੇ ਪੰਜਾਬ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਟਿਆਲਾ ਦੀਆਂ ਹਿੰਦੂ ਜਥੇਬੰਦੀਆਂ ਦੀ ਤਰਜ਼ ‘ਤੇ ਆਪਸ ਵਿੱਚ ਵੱਧ ਤੋਂ ਵੱਧ ਏਕਤਾ ਪੈਦਾ ਕਰਨ ਤਾਂ ਜੋ ਪੰਜਾਬ ਵਿੱਚ ਵੀ ਆਪਣੀ ਸਿਆਸੀ ਤਾਕਤ ਨੂੰ ਮਜ਼ਬੂਤ ਕੀਤਾ ਜਾ ਸਕੇ। ਕਿਉਂਕਿ ਸ੍ਰੀ ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਨੂੰ ਦੇਖਦੇ ਹੋਏ ਏਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।
ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਮਹਿਲਾ ਸੈਨਾ, ਸ਼੍ਰੀਮਤੀ ਕਾਂਤਾ ਬਾਂਸਲ ਉਪ ਪ੍ਰਧਾਨ ਉੱਤਰੀ ਭਾਰਤ ਮਹਿਲਾ ਸੈਨਾ, ਵਿਸ਼ਨੂੰ ਦੱਤ ਗਿਰੀ ਜੀ ਮਹਾਰਾਜ ਪਰਸ਼ੂਰਾਮ ਸੈਨਾ, ਵਿਨਤੀ ਗਿਰੀ ਜੀ ਜੂਨਾ ਅਖਾੜਾ, ਅਮਰਜੀਤ ਬੰਟੀ ਚੇਅਰਮੈਨ, ਰਿੰਕੂ ਪੰਜਾਬ ਪ੍ਰਧਾਨ ਆਈ.ਟੀ.ਸੈਨਾ, ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਲੀਗਲ ਸੈਨਾ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪੰਜਾਬ ਪ੍ਰਧਾਨ ਵਪਾਰ ਸੈਨਾ, ਯਾਦਵਿੰਦਰ ਸ਼ਰਮਾ ਸ੍ਰੀ ਬ੍ਰਾਹਮਣ ਸਭਾ, ਸੁਧੀਰ ਵੈਕਟਰ, ਕਾਲਾ ਪ੍ਰਧਾਨ ਬਾਲਮੀਕ ਸਮਾਜ ਲਾਹੌਰੀ ਗੇਟ, ਸੰਟੀ ਗਿੱਲ, ਰੋਬਿਨ ਸ਼ਰਮਾ, ਮਹਾਤਮਾ ਸਿਧਾਰਥ ਸਤਿਗੁਰੂ ਕਬੀਰ ਸੈਨਾ, ਹਿਮਾਲਿਆ ਕੇਹਰ ਪ੍ਰਧਾਨ ਹਿੰਦੂ ਸਟੂਡੈਂਟ ਫੈਡਰੇਸ਼ਨ, ਚਰਨਜੀਤ ਚੌਹਾਨ ਵਿਸ਼ਵ ਹਿੰਦੂ ਪ੍ਰੀਸ਼ਦ, ਆਸ਼ਾ ਰਾਣੀ, ਨੰਦ ਲਾਲ, ਰਾਕੇਸ਼ ਕੁਮਾਰ, ਬਿਮਲਾ ਦੇਵੀ, ਵਿਕਰਮ ਕੁਮਾਰ, ਰਿੰਕੂ ਕੁਮਾਰ, ਹਰਪ੍ਰੀਤ ਸ਼ਰਮਾ, ਬੰਸ਼ੀ ਲਾਲ, ਅਜੇ ਕੁਮਾਰ, ਦੀਪਕ ਵਸ਼ਿਸ਼ਟ, ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਤੋਂ ਚੰਦ ਸ਼ਰਮਾ, ਜਗਦੀਸ਼ ਰਾਏਕਾ, ਨੀਲਮ ਸ਼ਰਮਾ, ਸ਼੍ਰੀ ਪੱਪੂ ਕੁਮਾਰ, ਗੁੱਡੂ ਕੁਮਾਰ, ਸੁਨੀ6ਤਾ ਅਤੇ ਹੋਰ ਸਾਥੀ ਸੇਵਾਦਾਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Newsline Express
